thepunjabilink.com

Breaking: Diljit Dosanjh ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਗਲੋਬਲ ਸਟਾਰ ਅਤੇ ਮਸ਼ਹੂਰ ਪੰਜਾਬੀ ਗਾਇਕ-ਅਦਾਕਾਰ Diljit Dosanjh ਦੇ ਲੁਧਿਆਣਾ ਸਥਿਤ ਘਰ ਅਤੇ ਨਗਰ ਨਿਗਮ ਦੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ। ਧਮਕੀ ਭਰੀ ਈਮੇਲ ਲੁਧਿਆਣਾ ਨਗਰ ਨਿਗਮ ਦੇ ਅਧਿਕਾਰਤ ਈਮੇਲ ਖਾਤੇ ’ਤੇ ਭੇਜੀ ਗਈ, ਜਿਸ ਤੋਂ ਬਾਅਦ ਪੁਲੀਸ ਅਤੇ ਪ੍ਰਸ਼ਾਸਨ ਤੁਰੰਤ ਐਕਸ਼ਨ ਵਿੱਚ ਆ ਗਏ।

ਧਮਕੀ ਮਿਲਦਿਆਂ ਹੀ ਪੁਲੀਸ ਦੀਆਂ ਹਾਈ-ਟੈਕ ਟੀਮਾਂ, ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ Diljit Dosanjh ਦੇ ਲੁਧਿਆਣਾ ਵਾਲੇ ਨਿਵਾਸ ਸਥਾਨ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਹੋਰ ਸਖ਼ਤ ਕਰ ਦਿੱਤਾ ਗਿਆ ਹੈ, ਜਦਕਿ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਨੂੰ ਖ਼ਾਲੀ ਕਰਵਾ ਕੇ ਪੂਰੀ ਇਮਾਰਤ ਦੀ ਤਲਾਸ਼ੀ ਲਈ ਜਾ ਰਹੀ ਹੈ।

ਨਗਰ ਨਿਗਮ ਕਮਿਸ਼ਨਰ ਨੀਰੂ ਕਾਤਿਆਲ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਤੁਰੰਤ ਪੁਲੀਸ ਕਮਿਸ਼ਨਰ ਨੂੰ ਸੂਚਿਤ ਕੀਤਾ ਗਿਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਬਿਲਡਿੰਗ ਖ਼ਾਲੀ ਕਰਵਾ ਦਿੱਤੀ ਗਈ।

6 ਜੂਨ ਤੋਂ ਪਹਿਲਾਂ ਧਮਾਕਿਆਂ ਦੀ ਚੇਤਾਵਨੀ

ਸੂਤਰਾਂ ਮੁਤਾਬਕ ਇਹ ਈਮੇਲ “Jennifer Senuta” ਨਾਂ ਦੀ ਆਈਡੀ ਤੋਂ ਭੇਜੀ ਗਈ ਸੀ, ਜਿਸਦਾ ਸਬਜੈਕਟ “Bomb Blast – Mayor Office Ludhiana” ਸੀ। ਈਮੇਲ ਵਿੱਚ ਦਾਅਵਾ ਕੀਤਾ ਗਿਆ ਕਿ 6 ਜੂਨ ਤੋਂ ਪਹਿਲਾਂ ਵੱਡੇ ਧਮਾਕੇ ਕੀਤੇ ਜਾਣਗੇ।

ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਥਾਵਾਂ ਲਈ ਵੱਖ-ਵੱਖ ਸਮਾਂ ਵੀ ਦਰਜ ਕੀਤਾ ਗਿਆ। ਈਮੇਲ ਅਨੁਸਾਰ ਮੇਅਰ ਦਫ਼ਤਰ ਵਿੱਚ ਦੁਪਹਿਰ 1:11 ਵਜੇ ਅਤੇ Diljit Dosanjh ਦੇ ਲੁਧਿਆਣਾ ਸਥਿਤ ਘਰ ’ਤੇ ਰਾਤ 9:11 ਵਜੇ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ।

‘ਖਾਲਿਸਤਾਨ’ ਅਤੇ 1984 ਦੰਗਿਆਂ ਦਾ ਜ਼ਿਕਰ

ਧਮਕੀ ਭਰੀ ਈਮੇਲ ਵਿੱਚ ‘ਪੰਜਾਬ’ ਅਤੇ ‘ਖਾਲਿਸਤਾਨ’ ਨਾਲ ਜੁੜੇ ਕਈ ਭੜਕਾਊ ਹਵਾਲੇ ਦਿੱਤੇ ਗਏ ਹਨ। ਮੇਲ ਭੇਜਣ ਵਾਲੇ ਨੇ ਖ਼ੁਦ ਨੂੰ “ਖਾਲਿਸਤਾਨ ਨੈਸ਼ਨਲ ਆਰਮੀ” ਦਾ ਮੈਂਬਰ ਦੱਸਦਿਆਂ ਇਸ ਦੀ ਜ਼ਿੰਮੇਵਾਰੀ ਲਈ ਹੈ। ਈਮੇਲ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਭੜਕਾਊ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।

ਫਿਲਹਾਲ ਪੁਲੀਸ ਵੱਲੋਂ ਈਮੇਲ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਇਬਰ ਸੈੱਲ ਦੀ ਮਦਦ ਨਾਲ ਭੇਜਣ ਵਾਲੇ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦੇਣ ਦੀ ਅਪੀਲ ਕੀਤੀ ਹੈ।