Satluj Controversy: ‘ਸਤਲੁਜ’ ਨੂੰ ਲੈ ਕੇ ਪੰਜਾਬ ਵਿੱਚ ਵਧਿਆ ਉਤਸ਼ਾਹ, ਗੁਰਦਾਸਪੁਰ ਦੇ ਪਿੰਡਾਂ ‘ਚ ਹੋਈਆਂ ਜਨਤਕ ਸਕ੍ਰੀਨਿੰਗਾਂ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਚਰਚਿਤ ਫਿਲਮ ‘ਸਤਲੁਜ’ ਨੂੰ ਲੈ ਕੇ ਪੰਜਾਬ ਵਿੱਚ ਲੋਕਾਂ ਦਾ ਉਤਸ਼ਾਹ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ। ਭਾਰਤ ਵਿੱਚ ਇੱਕ ਓਟੀਟੀ ਪਲੇਟਫਾਰਮ ਤੋਂ ਫਿਲਮ ਹਟਾਏ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਹੁਣ ਕਈ ਥਾਵਾਂ ‘ਤੇ ਲੋਕ ਆਪਣੇ ਪੱਧਰ ‘ਤੇ ਫਿਲਮ ਦੀਆਂ ਜਨਤਕ ਸਕ੍ਰੀਨਿੰਗਾਂ ਕਰਵਾ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਨੌਜਵਾਨਾਂ ਅਤੇ ਕਿਸਾਨ ਜੱਥੇਬੰਦੀਆਂ ਦੇ ਸਹਿਯੋਗ ਨਾਲ ਵੱਡੀਆਂ ਐਲਈਡੀ ਸਕ੍ਰੀਨਾਂ ਲਗਾ ਕੇ ਫਿਲਮ ਦਿਖਾਈ ਗਈ। ਸ਼ਾਮ ਦੇ ਸਮੇਂ ਪਿੰਡਾਂ ਦੇ ਮੈਦਾਨਾਂ ਵਿੱਚ ਹੋਈਆਂ ਇਨ੍ਹਾਂ ਸਕ੍ਰੀਨਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਇਕੱਠੇ ਬੈਠ ਕੇ ਫਿਲਮ ਦਾ ਆਨੰਦ ਮਾਣਿਆ। ‘ਸਤਲੁਜ’ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਤੋਂ ਪ੍ਰੇਰਿਤ ਦੱਸੀ ਜਾਂਦੀ ਹੈ। ਫਿਲਮ ਵਿੱਚ ਦਿਲਜੀਤ ਦੁਸਾਂਝ ਨੇ ਮੁੱਖ ਭੂਮਿਕਾ ਨਿਭਾਈ ਹੈ, ਜਦਕਿ ਹੋਰ ਕਈ ਮਸ਼ਹੂਰ ਕਲਾਕਾਰ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਂਦੇ ਹਨ। ਰਿਲੀਜ਼ ਤੋਂ ਬਾਅਦ ਫਿਲਮ ਨੂੰ ਦਰਸ਼ਕਾਂ ਅਤੇ ਸਮੀਖਿਆਕਾਰਾਂ ਵੱਲੋਂ ਵੀ ਚੰਗਾ ਹੁੰਗਾਰਾ ਮਿਲਿਆ ਸੀ। ਓਟੀਟੀ ਪਲੇਟਫਾਰਮ ਤੋਂ ਫਿਲਮ ਹਟਾਏ ਜਾਣ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ਅਤੇ ਜਨਤਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਵੱਲੋਂ ਖੁਦ ਜਨਤਕ ਸਕ੍ਰੀਨਿੰਗਾਂ ਕਰਵਾਉਣ ਦੀ ਪਹਿਲ ਕੀਤੀ ਜਾ ਰਹੀ ਹੈ। ਗੁਰਦਾਸਪੁਰ ਵਿੱਚ ਹੋਈਆਂ ਸਕ੍ਰੀਨਿੰਗਾਂ ਨੂੰ ਵੀ ਇਸੇ ਮੁਹਿੰਮ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਪ੍ਰੋਗਰਾਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕਈ ਯੂਜ਼ਰਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਤਿਹਾਸ ਅਤੇ ਸਮਾਜ ਨਾਲ ਜੁੜੇ ਵਿਸ਼ਿਆਂ ‘ਤੇ ਬਣੀਆਂ ਫਿਲਮਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ। ਉੱਥੇ ਹੀ ਕੁਝ ਲੋਕਾਂ ਨੇ ਇਸ ਨੂੰ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਨੂੰ ਸਮਝਣ ਦਾ ਇੱਕ ਮੌਕਾ ਵੀ ਦੱਸਿਆ। ਫਿਲਹਾਲ ਗੁਰਦਾਸਪੁਰ ਦੇ ਪਿੰਡਾਂ ਵਿੱਚ ਹੋਈਆਂ ਇਹ ਜਨਤਕ ਸਕ੍ਰੀਨਿੰਗਾਂ ਪੰਜਾਬ ਭਰ ਵਿੱਚ ਚਰਚਾ ਦਾ ਕੇਂਦਰ ਬਣੀਆਂ ਹੋਈਆਂ ਹਨ। ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ‘ਸਤਲੁਜ’ ਨੂੰ ਲੈ ਕੇ ਦਰਸ਼ਕਾਂ ਦੀ ਦਿਲਚਸਪੀ ਅਜੇ ਵੀ ਕਾਇਮ ਹੈ।
3 ਸਾਲਾਂ ਦੀ ਉਡੀਕ ਤੋਂ ਬਾਅਦ ਰਿਲੀਜ਼ ਹੋਈ ਦਿਲਜੀਤ ਦੋਸਾਂਝ ਦੀ ਫਿਲਮ PUNJAB 95, ਬਦਲਿਆ ਗਿਆ ਨਾਮ

3 ਸਾਲਾਂ ਦੀ ਉਡੀਕ ਤੋਂ ਬਾਅਦ ਰਿਲੀਜ਼ ਹੋਈ ਦਿਲਜੀਤ ਦੋਸਾਂਝ ਦੀ ਫਿਲਮ, ਬਦਲਿਆ ਗਿਆ ਨਾਮ, ਹੁਣ ZEE5 ‘ਤੇ ਸਟ੍ਰੀਮ ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਲੰਬੇ ਸਮੇਂ ਤੋਂ ਚਰਚਾ ਵਿੱਚ ਰਹੀ ਫਿਲਮ ‘ਪੰਜਾਬ 95’ ਆਖਿਰਕਾਰ ਕਰੀਬ ਤਿੰਨ ਸਾਲਾਂ ਦੀ ਉਡੀਕ ਤੋਂ ਬਾਅਦ ਦਰਸ਼ਕਾਂ ਤੱਕ ਪਹੁੰਚ ਗਈ ਹੈ। ਹਾਲਾਂਕਿ ਫਿਲਮ ਨੂੰ ਇਸਦੇ ਅਸਲ ਨਾਮ ਨਾਲ ਨਹੀਂ, ਸਗੋਂ ‘ਸਤਲੁਜ’ ਸਿਰਲੇਖ ਹੇਠ 3 ਜੁਲਾਈ 2026 ਨੂੰ ZEE5 ‘ਤੇ ਹਿੰਦੀ ਭਾਸ਼ਾ ਵਿੱਚ ਸਟ੍ਰੀਮ ਕੀਤਾ ਗਿਆ। ਫਿਲਮ ਨੂੰ ਬਿਨਾਂ ਕਿਸੇ ਵੱਡੇ ਪ੍ਰਚਾਰ ਦੇ ਸ਼ਾਮ 6 ਵਜੇ ਰਿਲੀਜ਼ ਕੀਤਾ ਗਿਆ। ਹਨੀ ਤ੍ਰੇਹਨ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਅਰਜੁਨ ਰਾਮਪਾਲ, ਕੰਵਲਜੀਤ ਸਿੰਘ, ਸੁਵਿੰਦਰ ਵਿੱਕੀ ਅਤੇ ਗੀਤਿਕਾ ਵਿਦਿਆ ਓਹਲੀਅਨ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਸੈਂਸਰ ਵਿਵਾਦ ਤੋਂ ਬਾਅਦ ਮਿਲੀ ਰਿਲੀਜ਼ ਫਿਲਮ ਕਈ ਸਾਲਾਂ ਤੱਕ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਦੀ ਮਨਜ਼ੂਰੀ ਦੀ ਉਡੀਕ ਕਰਦੀ ਰਹੀ। ਰਿਪੋਰਟਾਂ ਮੁਤਾਬਕ ਬੋਰਡ ਵੱਲੋਂ ਫਿਲਮ ਵਿੱਚ 127 ਕਟੌਤੀਆਂ ਅਤੇ ਤਬਦੀਲੀਆਂ ਦੀ ਸਿਫ਼ਾਰਸ਼ ਕੀਤੀ ਗਈ ਸੀ, ਜਿਸ ਕਾਰਨ ਇਸਦੀ ਰਿਲੀਜ਼ ਲਗਭਗ ਤਿੰਨ ਸਾਲਾਂ ਲਈ ਟਲ ਗਈ। ਹੁਣ ਆਖਿਰਕਾਰ ਇਹ ਫਿਲਮ ‘ਸਤਲੁਜ’ ਨਾਮ ਨਾਲ OTT ਪਲੇਟਫਾਰਮ ZEE5 ‘ਤੇ ਦਰਸ਼ਕਾਂ ਲਈ ਉਪਲਬਧ ਕਰਵਾ ਦਿੱਤੀ ਗਈ ਹੈ। ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੋਂ ਪ੍ਰੇਰਿਤ ਕਹਾਣੀ ਫਿਲਮ ਦੀ ਕਹਾਣੀ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ। ਟ੍ਰੇਲਰ ਅਨੁਸਾਰ, ਫਿਲਮ ਵਿੱਚ ਉਹਨਾਂ ਦੀ ਉਸ ਲੜਾਈ ਨੂੰ ਦਰਸਾਇਆ ਗਿਆ ਹੈ, ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਬਗਾਵਤ ਦੇ ਸਮੇਂ ਕਥਿਤ ਸਮੂਹਿਕ ਲਾਪਤਾ ਹੋਣ ਅਤੇ ਗੈਰ-ਨਿਆਇਕ ਹੱਤਿਆਵਾਂ ਦੇ ਮਾਮਲਿਆਂ ਨੂੰ ਬੇਨਕਾਬ ਕੀਤਾ ਸੀ। ਫਿਲਮ ਹਜ਼ਾਰਾਂ ਲਾਪਤਾ ਲੋਕਾਂ ਦੇ ਮਾਮਲੇ ਅਤੇ ਇਨਸਾਫ਼ ਲਈ ਸੰਘਰਸ਼ ਕਰ ਰਹੇ ਪਰਿਵਾਰਾਂ ਦੀ ਪੀੜ ਨੂੰ ਵੀ ਉਜਾਗਰ ਕਰਦੀ ਹੈ। ਆਮ ਆਦਮੀ ਦੀ ਅਸਾਧਾਰਣ ਲੜਾਈ ਕਹਾਣੀ ਉਸ ਦੌਰ ਦੀ ਪਿਛੋਕੜ ‘ਤੇ ਆਧਾਰਿਤ ਹੈ ਜਦੋਂ ਪੰਜਾਬ ਵਿੱਚ ਅੱਤਵਾਦ, ਰਾਜਨੀਤਿਕ ਹਿੰਸਾ ਅਤੇ ਡਰ ਦਾ ਮਾਹੌਲ ਸੀ। ਇਸ ਦੌਰਾਨ ਹਜ਼ਾਰਾਂ ਲੋਕਾਂ ਦੇ ਲਾਪਤਾ ਹੋਣ ਦੇ ਦਾਅਵਿਆਂ ਵਿਚਕਾਰ ਇੱਕ ਆਮ ਵਿਅਕਤੀ ਨੇ ਸੱਚ ਸਾਹਮਣੇ ਲਿਆਉਣ ਅਤੇ ਨਿਆਂ ਲਈ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ। ਪਹਿਲਾਂ ਤਿੰਨ ਵਾਰ ਬਦਲਿਆ ਗਿਆ ਫਿਲਮ ਦਾ ਨਾਮ ਮੀਡੀਆ ਰਿਪੋਰਟਾਂ ਅਨੁਸਾਰ ਫਿਲਮ ਦਾ ਨਾਮ ਸਮੇਂ-ਸਮੇਂ ‘ਤੇ ਬਦਲਿਆ ਗਿਆ। ਸਭ ਤੋਂ ਪਹਿਲਾਂ ਇਸ ਦਾ ਸਿਰਲੇਖ ‘ਘੱਲੂਘਾਰਾ’ ਰੱਖਿਆ ਗਿਆ ਸੀ। ਬਾਅਦ ਵਿੱਚ ਸੈਂਸਰ ਪ੍ਰਕਿਰਿਆ ਦੌਰਾਨ ਇਸ ਨੂੰ ‘ਪੰਜਾਬ 95’ ਨਾਮ ਦਿੱਤਾ ਗਿਆ। ਹੁਣ CBFC ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਫਿਲਮ ਨੂੰ ‘ਸਤਲੁਜ’ ਦੇ ਨਾਮ ਨਾਲ ਰਿਲੀਜ਼ ਕੀਤਾ ਗਿਆ ਹੈ। ਟੋਰਾਂਟੋ ਫਿਲਮ ਫੈਸਟੀਵਲ ਤੋਂ ਵੀ ਹਟਾਈ ਗਈ ਸੀ ਫਿਲਮ ਨੂੰ 2023 ਦੇ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਲਈ ਚੁਣਿਆ ਗਿਆ ਸੀ, ਪਰ ਬਾਅਦ ਵਿੱਚ ਇਸਨੂੰ ਪ੍ਰੋਗਰਾਮ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਨਿਰਮਾਤਾਵਾਂ ਨੇ ਸੈਂਸਰ ਬੋਰਡ ਦੇ ਫੈਸਲੇ ਨੂੰ ਬੰਬੇ ਹਾਈ ਕੋਰਟ ਵਿੱਚ ਚੁਣੌਤੀ ਵੀ ਦਿੱਤੀ। ਫਿਲਮ ਪਹਿਲਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ, ਪਰ ਲਗਾਤਾਰ ਦੇਰੀ ਤੋਂ ਬਾਅਦ ਹੁਣ ਇਸ ਨੂੰ ਸਿੱਧਾ OTT ਪਲੇਟਫਾਰਮ ‘ਤੇ ਰਿਲੀਜ਼ ਕੀਤਾ ਗਿਆ ਹੈ। ਨੋਟ: ਇਹ ਫਿਲਮ ਇੱਕ ਸੰਵੇਦਨਸ਼ੀਲ ਇਤਿਹਾਸਕ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਵਿਸ਼ੇ ‘ਤੇ ਆਧਾਰਿਤ ਹੈ। ਫਿਲਮ ਵਿੱਚ ਦਰਸਾਈਆਂ ਗਈਆਂ ਘਟਨਾਵਾਂ ਅਤੇ ਦਾਅਵੇ ਇਸ ਦੀ ਕਹਾਣੀ ਅਤੇ ਉਪਲਬਧ ਜਨਤਕ ਜਾਣਕਾਰੀ ‘ਤੇ ਆਧਾਰਿਤ ਹਨ।
ਯੋ ਯੋ ਹਨੀ ਸਿੰਘ ਦੇ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨ ‘ਤੇ ਭੜਕੇ ਜਸਬੀਰ ਜੱਸੀ, ਕਿਹਾ- “ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਵੱਲ ਧੱਕਿਆ, ਉਹੀ ਬਣੇ ਬ੍ਰਾਂਡ ਅੰਬੈਸਡਰ”

ਯੋ ਯੋ ਹਨੀ ਸਿੰਘ ਦੇ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨ ‘ਤੇ ਭੜਕੇ ਜਸਬੀਰ ਜੱਸੀ, ਕਿਹਾ- “ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਵੱਲ ਧੱਕਿਆ, ਉਹੀ ਬਣੇ ਬ੍ਰਾਂਡ ਅੰਬੈਸਡਰ” ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਹਾਲ ਹੀ ਵਿੱਚ ਬੀਜੇਪੀ ਦੇ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਹਨ। ਇਸ ਸਬੰਧੀ ਉਨ੍ਹਾਂ ਨੇ ਬੀਜੇਪੀ ਦੇ ਨੈਸ਼ਨਲ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਵੀ ਕੀਤੀ। ਮੁਲਾਕਾਤ ਤੋਂ ਬਾਅਦ ਹਨੀ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਡਰੱਗਸ ਕਾਰਨ ਪਰਿਵਾਰ ਅਤੇ ਨੌਜਵਾਨ ਬਰਬਾਦ ਹੋ ਰਹੇ ਹਨ ਅਤੇ ਪੰਜਾਬ ਨੂੰ ਇਸ ਤੋਂ ਬਚਾਉਣ ਦੀ ਲੋੜ ਹੈ। ਪਰ ਹੁਣ ਇਸ ਮਾਮਲੇ ‘ਤੇ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਜੱਸੀ ਨੇ ਆਪਣੇ X (ਪਹਿਲਾਂ ਟਵਿੱਟਰ) ਅਤੇ ਫੇਸਬੁੱਕ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਯੋ ਯੋ ਹਨੀ ਸਿੰਘ ਅਤੇ ਤਰੁਣ ਚੁੱਘ ਦੇ ਫੈਸਲੇ ‘ਤੇ ਸਵਾਲ ਖੜ੍ਹੇ ਕੀਤੇ। ਵੀਡੀਓ ਵਿੱਚ ਜਸਬੀਰ ਜੱਸੀ ਨੇ ਕਿਹਾ, “ਮੈਂ ਆਮ ਤੌਰ ‘ਤੇ ਰਾਜਨੀਤਿਕ ਮੁੱਦਿਆਂ ‘ਤੇ ਗੱਲ ਨਹੀਂ ਕਰਦਾ ਕਿਉਂਕਿ ਉਨ੍ਹਾਂ ਵਿੱਚ ਕਈ ਪਰਤਾਂ ਹੁੰਦੀਆਂ ਹਨ। ਪਰ ਜਦੋਂ ਗੱਲ ਪੰਜਾਬ ਦੀ ਆਉਂਦੀ ਹੈ ਤਾਂ ਮੈਂ ਚੁੱਪ ਨਹੀਂ ਰਹਿ ਸਕਦਾ। ਮੈਂ ਤਰੁਣ ਚੁੱਘ ਦਾ ਇੱਕ ਸਟੇਟਸ ਦੇਖਿਆ, ਜਿਸ ਵਿੱਚ ਉਨ੍ਹਾਂ ਨੇ ਹਨੀ ਸਿੰਘ ਨੂੰ ਪੰਜਾਬ ਵਿੱਚ ਨਸ਼ਾ ਖਤਮ ਕਰਨ ਲਈ ਬ੍ਰਾਂਡ ਅੰਬੈਸਡਰ ਬਣਾਇਆ ਹੈ। ਇਹ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ।” ਉਨ੍ਹਾਂ ਨੇ ਅੱਗੇ ਕਿਹਾ, “ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਧੱਕਿਆ, ਉਹਨਾਂ ਨੂੰ ਹੀ ਹੁਣ ਨਸ਼ਾ ਵਿਰੋਧੀ ਮੁਹਿੰਮ ਦਾ ਚਿਹਰਾ ਬਣਾਇਆ ਜਾ ਰਿਹਾ ਹੈ। ਇਸ ਤੋਂ ਲੱਗਦਾ ਹੈ ਕਿ ਜਾਂ ਤਾਂ ਤੁਹਾਨੂੰ ਪੰਜਾਬ ਦੀ ਸਮਝ ਨਹੀਂ ਜਾਂ ਫਿਰ ਤੁਸੀਂ ਜਾਣਬੁੱਝ ਕੇ ਪੰਜਾਬ ਨਾਲ ਛੇੜਛਾੜ ਕਰ ਰਹੇ ਹੋ।” ਜਸਬੀਰ ਜੱਸੀ ਨੇ ਇਹ ਵੀ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਬਿਆਨ ਕਾਰਨ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ, ਪਰ ਉਹ ਪੰਜਾਬ ਦੇ ਹਿੱਤ ਵਿੱਚ ਬੋਲਣ ਤੋਂ ਡਰਦੇ ਨਹੀਂ। ਉਨ੍ਹਾਂ ਨੇ ਕਿਹਾ, “ਪੰਜਾਬ ਜ਼ਿੰਦਾਬਾਦ ਰਹਿਣਾ ਚਾਹੀਦਾ ਹੈ। ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕ ਕਦੇ ਵੀ ਸੁਖ ਨਾਲ ਨਹੀਂ ਰਹਿ ਸਕਦੇ।” ਦੱਸਣਯੋਗ ਹੈ ਕਿ ਯੋ ਯੋ ਹਨੀ ਸਿੰਘ ਖੁਦ ਵੀ ਪਹਿਲਾਂ ਡਰੱਗ ਦੀ ਲਤ ਨਾਲ ਜੂਝ ਚੁੱਕੇ ਹਨ। ਉਹ ਕਈ ਵਾਰ ਖੁੱਲ੍ਹ ਕੇ ਦੱਸ ਚੁੱਕੇ ਹਨ ਕਿ ਨਸ਼ੇ ਕਾਰਨ ਉਨ੍ਹਾਂ ਦਾ ਕਰੀਅਰ ਅਤੇ ਸਿਹਤ ਦੋਵੇਂ ਪ੍ਰਭਾਵਿਤ ਹੋਏ ਸਨ ਅਤੇ ਇਸ ਲਤ ਤੋਂ ਬਾਹਰ ਆਉਣ ਵਿੱਚ ਉਨ੍ਹਾਂ ਨੂੰ ਲੰਮਾ ਸਮਾਂ ਲੱਗਿਆ। ਹੁਣ ਹਨੀ ਸਿੰਘ ਦੇ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨ ‘ਤੇ ਸੋਸ਼ਲ ਮੀਡੀਆ ‘ਤੇ ਵੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਕੁਝ ਲੋਕ ਇਸ ਨੂੰ ਉਨ੍ਹਾਂ ਦੀ ਬਦਲੀ ਸੋਚ ਮੰਨ ਰਹੇ ਹਨ, ਜਦਕਿ ਕੁਝ ਲੋਕ ਜਸਬੀਰ ਜੱਸੀ ਦੀ ਗੱਲ ਨਾਲ ਸਹਿਮਤ ਨਜ਼ਰ ਆ ਰਹੇ ਹਨ।
Breaking: Diljit Dosanjh ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Breaking: Diljit Dosanjh ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਲੁਧਿਆਣਾ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਗਲੋਬਲ ਸਟਾਰ ਅਤੇ ਮਸ਼ਹੂਰ ਪੰਜਾਬੀ ਗਾਇਕ-ਅਦਾਕਾਰ Diljit Dosanjh ਦੇ ਲੁਧਿਆਣਾ ਸਥਿਤ ਘਰ ਅਤੇ ਨਗਰ ਨਿਗਮ ਦੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ। ਧਮਕੀ ਭਰੀ ਈਮੇਲ ਲੁਧਿਆਣਾ ਨਗਰ ਨਿਗਮ ਦੇ ਅਧਿਕਾਰਤ ਈਮੇਲ ਖਾਤੇ ’ਤੇ ਭੇਜੀ ਗਈ, ਜਿਸ ਤੋਂ ਬਾਅਦ ਪੁਲੀਸ ਅਤੇ ਪ੍ਰਸ਼ਾਸਨ ਤੁਰੰਤ ਐਕਸ਼ਨ ਵਿੱਚ ਆ ਗਏ। ਧਮਕੀ ਮਿਲਦਿਆਂ ਹੀ ਪੁਲੀਸ ਦੀਆਂ ਹਾਈ-ਟੈਕ ਟੀਮਾਂ, ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ Diljit Dosanjh ਦੇ ਲੁਧਿਆਣਾ ਵਾਲੇ ਨਿਵਾਸ ਸਥਾਨ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਹੋਰ ਸਖ਼ਤ ਕਰ ਦਿੱਤਾ ਗਿਆ ਹੈ, ਜਦਕਿ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਨੂੰ ਖ਼ਾਲੀ ਕਰਵਾ ਕੇ ਪੂਰੀ ਇਮਾਰਤ ਦੀ ਤਲਾਸ਼ੀ ਲਈ ਜਾ ਰਹੀ ਹੈ। ਨਗਰ ਨਿਗਮ ਕਮਿਸ਼ਨਰ ਨੀਰੂ ਕਾਤਿਆਲ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਤੁਰੰਤ ਪੁਲੀਸ ਕਮਿਸ਼ਨਰ ਨੂੰ ਸੂਚਿਤ ਕੀਤਾ ਗਿਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਬਿਲਡਿੰਗ ਖ਼ਾਲੀ ਕਰਵਾ ਦਿੱਤੀ ਗਈ। 6 ਜੂਨ ਤੋਂ ਪਹਿਲਾਂ ਧਮਾਕਿਆਂ ਦੀ ਚੇਤਾਵਨੀ ਸੂਤਰਾਂ ਮੁਤਾਬਕ ਇਹ ਈਮੇਲ “Jennifer Senuta” ਨਾਂ ਦੀ ਆਈਡੀ ਤੋਂ ਭੇਜੀ ਗਈ ਸੀ, ਜਿਸਦਾ ਸਬਜੈਕਟ “Bomb Blast – Mayor Office Ludhiana” ਸੀ। ਈਮੇਲ ਵਿੱਚ ਦਾਅਵਾ ਕੀਤਾ ਗਿਆ ਕਿ 6 ਜੂਨ ਤੋਂ ਪਹਿਲਾਂ ਵੱਡੇ ਧਮਾਕੇ ਕੀਤੇ ਜਾਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਥਾਵਾਂ ਲਈ ਵੱਖ-ਵੱਖ ਸਮਾਂ ਵੀ ਦਰਜ ਕੀਤਾ ਗਿਆ। ਈਮੇਲ ਅਨੁਸਾਰ ਮੇਅਰ ਦਫ਼ਤਰ ਵਿੱਚ ਦੁਪਹਿਰ 1:11 ਵਜੇ ਅਤੇ Diljit Dosanjh ਦੇ ਲੁਧਿਆਣਾ ਸਥਿਤ ਘਰ ’ਤੇ ਰਾਤ 9:11 ਵਜੇ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ। ‘ਖਾਲਿਸਤਾਨ’ ਅਤੇ 1984 ਦੰਗਿਆਂ ਦਾ ਜ਼ਿਕਰ ਧਮਕੀ ਭਰੀ ਈਮੇਲ ਵਿੱਚ ‘ਪੰਜਾਬ’ ਅਤੇ ‘ਖਾਲਿਸਤਾਨ’ ਨਾਲ ਜੁੜੇ ਕਈ ਭੜਕਾਊ ਹਵਾਲੇ ਦਿੱਤੇ ਗਏ ਹਨ। ਮੇਲ ਭੇਜਣ ਵਾਲੇ ਨੇ ਖ਼ੁਦ ਨੂੰ “ਖਾਲਿਸਤਾਨ ਨੈਸ਼ਨਲ ਆਰਮੀ” ਦਾ ਮੈਂਬਰ ਦੱਸਦਿਆਂ ਇਸ ਦੀ ਜ਼ਿੰਮੇਵਾਰੀ ਲਈ ਹੈ। ਈਮੇਲ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਭੜਕਾਊ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਫਿਲਹਾਲ ਪੁਲੀਸ ਵੱਲੋਂ ਈਮੇਲ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਇਬਰ ਸੈੱਲ ਦੀ ਮਦਦ ਨਾਲ ਭੇਜਣ ਵਾਲੇ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦੇਣ ਦੀ ਅਪੀਲ ਕੀਤੀ ਹੈ।
ਰਿਲੀਜ਼ ਲਈ ਤਿਆਰ ਬੱਬੂ ਮਾਨ ਦੀ ਨਵੀਂ ਪੰਜਾਬੀ ਫਿਲਮ, ਫਸਟ ਲੁੱਕ ਆਇਆ ਸਾਹਮਣੇ
ਰਿਲੀਜ਼ ਲਈ ਤਿਆਰ ਬੱਬੂ ਮਾਨ ਦੀ ਨਵੀਂ ਪੰਜਾਬੀ ਫਿਲਮ, ਫਸਟ ਲੁੱਕ ਆਇਆ ਸਾਹਮਣੇ ਪੰਜਾਬੀ ਸਿਨੇਮਾ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ Babbu Maan ਇੱਕ ਵਾਰ ਫਿਰ ਆਪਣੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ ਅਸੀਂ ਬਾਗੀ ਚੰਗੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਸਾਲ 2024 ਵਿੱਚ ਆਈ ਫਿਲਮ ਸੁੱਚਾ ਸੂਰਮਾ ਤੋਂ ਬਾਅਦ ਇਹ ਉਨ੍ਹਾਂ ਦੀ ਇੱਕ ਹੋਰ ਵੱਡੀ ਰਿਲੀਜ਼ ਮੰਨੀ ਜਾ ਰਹੀ ਹੈ। ਫਿਲਮ ਦਾ ਫਸਟ ਲੁੱਕ ਅੱਜ ਅਧਿਕਾਰਿਕ ਤੌਰ ‘ਤੇ ਰਿਵੀਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਇਹ ਫਿਲਮ ਪੰਜਾਬ ਦੇ ਕਾਲੇ ਦੌਰ ਅਤੇ ਸਾਲ 1975 ਵਿੱਚ ਲਾਗੂ ਕੀਤੀ ਗਈ The Emergency ਦੇ ਪਿਛੋਕੜ ‘ਤੇ ਆਧਾਰਿਤ ਹੈ। ਫਿਲਮ ਨੂੰ ਹਕੀਕਤੀ ਘਟਨਾਵਾਂ ਅਤੇ ਉਸ ਸਮੇਂ ਦੇ ਸਮਾਜਿਕ ਹਾਲਾਤਾਂ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਦਾ ਨਿਰਦੇਸ਼ਨ ਅਮਰਪ੍ਰੀਤ ਜੀ.ਐਸ ਛਾਬੜਾ ਵੱਲੋਂ ਕੀਤਾ ਗਿਆ ਹੈ, ਜੋ ਪਹਿਲਾਂ ਵੀ ਕਈ ਪ੍ਰਭਾਵਸ਼ਾਲੀ ਫਿਲਮਾਂ ਦੇ ਨਾਲ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੁਹਾਲੀ, ਖਰੜ ਅਤੇ Panjab University ਦੇ ਕਈ ਇਲਾਕਿਆਂ ਵਿੱਚ ਕੀਤੀ ਗਈ ਹੈ। ਫਿਲਮ ਵਿੱਚ Babbu Maan ਇੱਕ ਬਿਲਕੁਲ ਵੱਖਰੇ ਅਤੇ ਗੰਭੀਰ ਕਿਰਦਾਰ ਵਿੱਚ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸੁਕਤਾ ਬਣੀ ਹੋਈ ਹੈ। ਇਸ ਫਿਲਮ ਨੂੰ 1980-90 ਦੇ ਦਹਾਕੇ ਦੌਰਾਨ ਦਰਦ ਭੋਗਣ ਵਾਲੇ ਪਰਿਵਾਰਾਂ ਨੂੰ ਵੀ ਸਮਰਪਿਤ ਕੀਤਾ ਗਿਆ ਹੈ। ਫਿਲਮ ਦੇ ਕੁਝ ਦ੍ਰਿਸ਼ ਦਰਸ਼ਕਾਂ ਨੂੰ ਭਾਵੁਕ ਕਰਨ ਵਾਲੇ ਦੱਸੇ ਜਾ ਰਹੇ ਹਨ। ਮੇਨਸਟ੍ਰੀਮ ਸਿਨੇਮਾ ਤੋਂ ਵੱਖਰੀ ਸੋਚ ਨਾਲ ਬਣਾਈ ਗਈ ਇਸ ਫਿਲਮ ਵਿੱਚ ਫੀਮੇਲ ਲੀਡ ਰੋਲ ਵਿੱਚ Arvinder Kaur ਨਜ਼ਰ ਆਵੇਗੀ, ਜੋ ਅੱਜਕੱਲ੍ਹ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਹਿਚਾਣਿਆ ਚਿਹਰਾ ਬਣ ਚੁੱਕੀ ਹੈ। ਇਸ ਤੋਂ ਇਲਾਵਾ Gurpreet Ratol ਅਤੇ Jaswant Singh Rathore ਵੀ ਅਹਿਮ ਸਹਾਇਕ ਕਿਰਦਾਰਾਂ ਵਿੱਚ ਦਿਖਾਈ ਦੇਣਗੇ। ਦੂਜੇ ਪਾਸੇ, ਆਪਣੀ ਇਸ ਨਵੀਂ ਫਿਲਮ ਨੂੰ ਮਿਲ ਰਹੇ ਪ੍ਰੀ-ਰਿਲੀਜ਼ ਰਿਸਪਾਂਸ ਨੂੰ ਲੈ ਕੇ Babbu Maan ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਫਿਲਮ ਦੇ ਪਹਿਲੇ ਲੁੱਕ ਨੇ ਹੀ ਦਰਸ਼ਕਾਂ ਵਿੱਚ ਚਰਚਾ ਛੇੜ ਦਿੱਤੀ ਹੈ ਅਤੇ ਹੁਣ ਸਭ ਦੀ ਨਜ਼ਰ ਇਸਦੀ ਅਧਿਕਾਰਿਕ ਰਿਲੀਜ਼ ‘ਤੇ ਟਿਕੀ ਹੋਈ ਹੈ।