ਮੈਲਬੌਰਨ ਪੁੱਜੇ ਤਰਸੇਮ ਜੱਸੜ ਦਾ ਨਿੱਘਾ ਸਵਾਗਤ, ‘ਦਸਤਾਰ’ ਦੀ ਪ੍ਰਮੋਸ਼ਨ ਨੇ ਫੜਿਆ ਜ਼ੋਰ

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਤਰਸੇਮ ਸਿੰਘ ਜੱਸੜ ਆਪਣੀ ਆਉਣ ਵਾਲੀ ਫਿਲਮ ‘ਦਸਤਾਰ’ ਦੀ ਪ੍ਰਮੋਸ਼ਨ ਲਈ ਇਨ੍ਹਾਂ ਦਿਨੀਂ ਆਸਟ੍ਰੇਲੀਆ ਦੇ ਮੈਲਬੌਰਨ ਦੌਰੇ ‘ਤੇ ਹਨ। 17 ਜੁਲਾਈ ਨੂੰ ਵਿਸ਼ਵ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਖਾਸਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਮੈਲਬੌਰਨ ਹਵਾਈ ਅੱਡੇ ‘ਤੇ ਤਰਸੇਮ ਜੱਸੜ ਦਾ ਕਲਾ, ਸੰਗੀਤ ਅਤੇ ਸਿਨੇਮਾ ਪ੍ਰੇਮੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ, ਨਪਿੰਦਰ ਰੂਹਦਾਰੀਆਂ, ਬਰਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਵਜੀਰ ਸਮੇਤ ਹੋਰ ਸਾਥੀਆਂ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਸਵਾਗਤ ਤੋਂ ਬਾਅਦ ਤਰਸੇਮ ਜੱਸੜ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਵੱਸਦੇ ਦਰਸ਼ਕਾਂ ਅਤੇ ਚਾਹੁਣ ਵਾਲਿਆਂ ਦੇ ਪਿਆਰ ਨੇ ਹੀ ਉਨ੍ਹਾਂ ਨੂੰ ਹਰ ਵਾਰ ਕੁਝ ਨਵਾਂ ਕਰਨ ਦੀ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਿਲ ਰਹੀ ਹੌਸਲਾ ਅਫ਼ਜ਼ਾਈ ਉਨ੍ਹਾਂ ਨੂੰ ਸੰਗੀਤ ਅਤੇ ਸਿਨੇਮਾ ਦੇ ਖੇਤਰ ਵਿੱਚ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਦੌਰੇ ਦੀ ਵਿਉਂਤਬੰਦੀ ਵਿੱਚ ਜਤਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਉਹ ਲੰਮੇ ਸਮੇਂ ਤੋਂ ਮੈਲਬੌਰਨ ਵਿੱਚ ਪੰਜਾਬੀ ਸੱਭਿਆਚਾਰ, ਸੰਗੀਤ ਅਤੇ ਵਿਰਾਸਤ ਦੇ ਪ੍ਰਚਾਰ-ਪ੍ਰਸਾਰ ਲਈ ਸਰਗਰਮ ਰਹੇ ਹਨ। ਜ਼ਿਕਰਯੋਗ ਹੈ ਕਿ ‘ਦਸਤਾਰ’ ਦਾ ਲੇਖਣ ਧੀਰਜ ਕੇਦਾਰਨਾਥ ਰਤਨ ਅਤੇ ਮਨੀਲਾ ਰਤਨ ਨੇ ਕੀਤਾ ਹੈ, ਜਦਕਿ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਨੇ ਕੀਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਅਮਰ ਹੁੰਦਲ ਨੇ ਸੁਤੰਤਰ ਤੌਰ ‘ਤੇ ਤਰਸੇਮ ਜੱਸੜ ਦੀ ਕਿਸੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਫਿਲਮ 17 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
25 ਜੂਨ 2027 ਨੂੰ ਰਿਲੀਜ਼ ਹੋਵੇਗੀ ਦਿਲਜੀਤ ਦੁਸਾਂਝ ਦੀ ‘ਰੰਨਾਂ ‘ਚ ਧੰਨਾ’, ਤਿਆਰੀਆਂ ਸ਼ੁਰੂ

ਪੰਜਾਬੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਅਤੇ ਗਾਇਕ Diljit Dosanjh ਇੱਕ ਵਾਰ ਫਿਰ ਵੱਡੇ ਪਰਦੇ ‘ਤੇ ਨਵੀਂ ਫਿਲਮ ‘ਰੰਨਾਂ ‘ਚ ਧੰਨਾ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਲੰਬੇ ਸਮੇਂ ਤੋਂ ਚਰਚਾ ਵਿੱਚ ਰਹੀ ਇਸ ਫਿਲਮ ਨੂੰ ਹੁਣ ਮੁੜ ਜੀਵਿਤ ਕੀਤਾ ਗਿਆ ਹੈ ਅਤੇ ਇਸ ਦੇ ਨਿਰਮਾਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਫਿਲਮਕਾਰ Amarjit Singh Saron ਕਰਨਗੇ, ਜੋ ਹਾਲ ਹੀ ਵਿੱਚ ਆਪਣੀਆਂ ਫਿਲਮੀ ਗਤੀਵਿਧੀਆਂ ਕਾਰਨ ਸੁਰਖੀਆਂ ਵਿੱਚ ਰਹੇ ਹਨ। ਦਿਲਜੀਤ ਇਸ ਫਿਲਮ ਵਿੱਚ ਮੁੱਖ ਅਤੇ ਟਾਈਟਲ ਕਿਰਦਾਰ ਨਿਭਾਉਣਗੇ। ਵੱਡੇ ਬਜਟ ਅਤੇ ਵਿਸ਼ਾਲ ਪੱਧਰ ‘ਤੇ ਤਿਆਰ ਹੋ ਰਹੀ ਇਸ ਫਿਲਮ ਦਾ ਨਿਰਮਾਣ ਪਵਨ ਗਿੱਲ, ਅਮਨ ਗਿੱਲ ਅਤੇ ਧਰਮਿੰਦਰ ਸਿੰਘ ਵੱਲੋਂ ਕੀਤਾ ਜਾਵੇਗਾ। ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਵੀ ਅਮਰਜੀਤ ਸਿੰਘ ਸਾਰੋਂ ਦੇ ਮੱਥੇ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਅਮਰਜੀਤ ਸਿੰਘ ਸਾਰੋਂ ਇਸ ਤੋਂ ਪਹਿਲਾਂ Honsla Rakh ਵਰਗੀ ਕਾਮਯਾਬ ਪੰਜਾਬੀ ਫਿਲਮ ਵਿੱਚ ਵੀ ਦਿਲਜੀਤ ਦੁਸਾਂਝ ਨਾਲ ਕੰਮ ਕਰ ਚੁੱਕੇ ਹਨ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਸੂਤਰਾਂ ਅਨੁਸਾਰ, ਇਹ ਪ੍ਰੋਜੈਕਟ ਕਈ ਸਾਲ ਪਹਿਲਾਂ ਐਲਾਨਿਆ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਇਸ ‘ਤੇ ਕੰਮ ਰੁਕ ਗਿਆ ਸੀ। ਹੁਣ ਨਿਰਮਾਤਾਵਾਂ ਨੇ ਇਸ ਫਿਲਮ ਨੂੰ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਜਿਸ ਨਾਲ ਦਿਲਜੀਤ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਵਧ ਗਿਆ ਹੈ। ਫਿਲਹਾਲ ਫਿਲਮ ਦੀ ਹੀਰੋਇਨ, ਸਹਾਇਕ ਕਲਾਕਾਰਾਂ ਅਤੇ ਕਹਾਣੀ ਨਾਲ ਜੁੜੇ ਹੋਰ ਵੇਰਵੇ ਜਨਤਕ ਨਹੀਂ ਕੀਤੇ ਗਏ। ਨਿਰਮਾਤਾਵਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਅਧਿਕਾਰਤ ਐਲਾਨ ਕੀਤੇ ਜਾਣ ਦੀ ਉਮੀਦ ਹੈ। ਰਿਪੋਰਟਾਂ ਮੁਤਾਬਕ, ‘ਰੰਨਾਂ ‘ਚ ਧੰਨਾ’ ਨੂੰ 25 ਜੂਨ 2027 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਯੋਜਨਾ ਬਣਾਈ ਗਈ ਹੈ। ਇਹ ਫਿਲਮ ਦਿਲਜੀਤ ਦੁਸਾਂਝ ਦੇ ਆਉਣ ਵਾਲੇ ਮਹੱਤਵਪੂਰਨ ਪ੍ਰੋਜੈਕਟਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।
Breaking: Diljit Dosanjh ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Breaking: Diljit Dosanjh ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਲੁਧਿਆਣਾ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਗਲੋਬਲ ਸਟਾਰ ਅਤੇ ਮਸ਼ਹੂਰ ਪੰਜਾਬੀ ਗਾਇਕ-ਅਦਾਕਾਰ Diljit Dosanjh ਦੇ ਲੁਧਿਆਣਾ ਸਥਿਤ ਘਰ ਅਤੇ ਨਗਰ ਨਿਗਮ ਦੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ। ਧਮਕੀ ਭਰੀ ਈਮੇਲ ਲੁਧਿਆਣਾ ਨਗਰ ਨਿਗਮ ਦੇ ਅਧਿਕਾਰਤ ਈਮੇਲ ਖਾਤੇ ’ਤੇ ਭੇਜੀ ਗਈ, ਜਿਸ ਤੋਂ ਬਾਅਦ ਪੁਲੀਸ ਅਤੇ ਪ੍ਰਸ਼ਾਸਨ ਤੁਰੰਤ ਐਕਸ਼ਨ ਵਿੱਚ ਆ ਗਏ। ਧਮਕੀ ਮਿਲਦਿਆਂ ਹੀ ਪੁਲੀਸ ਦੀਆਂ ਹਾਈ-ਟੈਕ ਟੀਮਾਂ, ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ Diljit Dosanjh ਦੇ ਲੁਧਿਆਣਾ ਵਾਲੇ ਨਿਵਾਸ ਸਥਾਨ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਹੋਰ ਸਖ਼ਤ ਕਰ ਦਿੱਤਾ ਗਿਆ ਹੈ, ਜਦਕਿ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਨੂੰ ਖ਼ਾਲੀ ਕਰਵਾ ਕੇ ਪੂਰੀ ਇਮਾਰਤ ਦੀ ਤਲਾਸ਼ੀ ਲਈ ਜਾ ਰਹੀ ਹੈ। ਨਗਰ ਨਿਗਮ ਕਮਿਸ਼ਨਰ ਨੀਰੂ ਕਾਤਿਆਲ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਤੁਰੰਤ ਪੁਲੀਸ ਕਮਿਸ਼ਨਰ ਨੂੰ ਸੂਚਿਤ ਕੀਤਾ ਗਿਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਬਿਲਡਿੰਗ ਖ਼ਾਲੀ ਕਰਵਾ ਦਿੱਤੀ ਗਈ। 6 ਜੂਨ ਤੋਂ ਪਹਿਲਾਂ ਧਮਾਕਿਆਂ ਦੀ ਚੇਤਾਵਨੀ ਸੂਤਰਾਂ ਮੁਤਾਬਕ ਇਹ ਈਮੇਲ “Jennifer Senuta” ਨਾਂ ਦੀ ਆਈਡੀ ਤੋਂ ਭੇਜੀ ਗਈ ਸੀ, ਜਿਸਦਾ ਸਬਜੈਕਟ “Bomb Blast – Mayor Office Ludhiana” ਸੀ। ਈਮੇਲ ਵਿੱਚ ਦਾਅਵਾ ਕੀਤਾ ਗਿਆ ਕਿ 6 ਜੂਨ ਤੋਂ ਪਹਿਲਾਂ ਵੱਡੇ ਧਮਾਕੇ ਕੀਤੇ ਜਾਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਥਾਵਾਂ ਲਈ ਵੱਖ-ਵੱਖ ਸਮਾਂ ਵੀ ਦਰਜ ਕੀਤਾ ਗਿਆ। ਈਮੇਲ ਅਨੁਸਾਰ ਮੇਅਰ ਦਫ਼ਤਰ ਵਿੱਚ ਦੁਪਹਿਰ 1:11 ਵਜੇ ਅਤੇ Diljit Dosanjh ਦੇ ਲੁਧਿਆਣਾ ਸਥਿਤ ਘਰ ’ਤੇ ਰਾਤ 9:11 ਵਜੇ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ। ‘ਖਾਲਿਸਤਾਨ’ ਅਤੇ 1984 ਦੰਗਿਆਂ ਦਾ ਜ਼ਿਕਰ ਧਮਕੀ ਭਰੀ ਈਮੇਲ ਵਿੱਚ ‘ਪੰਜਾਬ’ ਅਤੇ ‘ਖਾਲਿਸਤਾਨ’ ਨਾਲ ਜੁੜੇ ਕਈ ਭੜਕਾਊ ਹਵਾਲੇ ਦਿੱਤੇ ਗਏ ਹਨ। ਮੇਲ ਭੇਜਣ ਵਾਲੇ ਨੇ ਖ਼ੁਦ ਨੂੰ “ਖਾਲਿਸਤਾਨ ਨੈਸ਼ਨਲ ਆਰਮੀ” ਦਾ ਮੈਂਬਰ ਦੱਸਦਿਆਂ ਇਸ ਦੀ ਜ਼ਿੰਮੇਵਾਰੀ ਲਈ ਹੈ। ਈਮੇਲ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਭੜਕਾਊ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਫਿਲਹਾਲ ਪੁਲੀਸ ਵੱਲੋਂ ਈਮੇਲ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਇਬਰ ਸੈੱਲ ਦੀ ਮਦਦ ਨਾਲ ਭੇਜਣ ਵਾਲੇ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦੇਣ ਦੀ ਅਪੀਲ ਕੀਤੀ ਹੈ।