thepunjabilink.com

ਲਖਨਊ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾਇਆ, ਮਿਸ਼ੇਲ ਮਾਰਸ਼ ਦੀ ਧਮਾਕੇਦਾਰ ਪਾਰੀ ਨੇ ਜਿਤਾਇਆ ਮੈਚ

Lucknow Super Giants ਨੇ ਸ਼ੁੱਕਰਵਾਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ Chennai Super Kings ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਮਿਸ਼ੇਲ ਮਾਰਸ਼ ਦੀ ਤਾਬੜਤੋੜ ਬੱਲੇਬਾਜ਼ੀ ਅਤੇ ਨਿਕੋਲਸ ਪੂਰਨ ਦੇ ਆਖਰੀ ਓਵਰਾਂ ਵਿੱਚ ਲਗਾਤਾਰ ਛੱਕਿਆਂ ਨੇ ਮੈਚ ਦਾ ਰੁਖ ਪੂਰੀ ਤਰ੍ਹਾਂ ਬਦਲ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 187 ਦੌੜਾਂ ਬਣਾਈਆਂ। ਟੀਮ ਵੱਲੋਂ ਕਾਰਤਿਕ ਸ਼ਰਮਾ ਨੇ ਆਪਣੇ ਟੀ-20 ਕਰੀਅਰ ਦੀ ਸਰਵੋਤਮ 71 ਦੌੜਾਂ ਦੀ ਪਾਰੀ ਖੇਡੀ, ਜਦਕਿ ਸ਼ਿਵਮ ਦੂਬੇ ਨੇ ਅਜੇਤੂ 32 ਦੌੜਾਂ ਜੋੜੀਆਂ। ਲਖਨਊ ਵੱਲੋਂ ਆਕਾਸ਼ ਮਹਾਰਾਜ ਸਿੰਘ ਸਭ ਤੋਂ ਕਾਮਯਾਬ ਗੇਂਦਬਾਜ਼ ਰਹੇ, ਜਿਨ੍ਹਾਂ ਨੇ 4 ਓਵਰਾਂ ਵਿੱਚ 26 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।

188 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਦੀ ਸ਼ੁਰੂਆਤ ਸ਼ਾਨਦਾਰ ਰਹੀ। ਮਿਸ਼ੇਲ ਮਾਰਸ਼ ਅਤੇ ਜੋਸ਼ ਇੰਗਲਿਸ ਨੇ ਪਹਿਲੀ ਵਿਕਟ ਲਈ 135 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਕਰਕੇ ਮੈਚ ਨੂੰ ਇਕ ਪਾਸੜ ਬਣਾ ਦਿੱਤਾ।

Mitchell Marsh ਨੇ ਸਿਰਫ਼ 38 ਗੇਂਦਾਂ ਵਿੱਚ 90 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਸਨੇ 9 ਚੌਕੇ ਅਤੇ 7 ਛੱਕੇ ਲਗਾਏ ਅਤੇ 236.84 ਦੇ ਸਟ੍ਰਾਈਕ ਰੇਟ ਨਾਲ ਚੇਨਈ ਦੇ ਗੇਂਦਬਾਜ਼ਾਂ ਦੀ ਧੁਨਾਈ ਕਰ ਦਿੱਤੀ। ਮਾਰਸ਼ ਨੇ ਕੇਵਲ 21 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਹਾਲਾਂਕਿ, ਉਹ ਬਦਕਿਸਮਤੀ ਨਾਲ ਰਨ ਆਊਟ ਹੋ ਕੇ ਸੈਂਕੜੇ ਤੋਂ ਸਿਰਫ਼ 10 ਦੌੜਾਂ ਦੂਰ ਰਹਿ ਗਿਆ।

ਜੋਸ਼ ਇੰਗਲਿਸ ਨੇ ਵੀ 32 ਗੇਂਦਾਂ ਵਿੱਚ 36 ਦੌੜਾਂ ਬਣਾ ਕੇ ਮਾਰਸ਼ ਦਾ ਬਖੂਬੀ ਸਾਥ ਦਿੱਤਾ। ਬਾਅਦ ਵਿੱਚ ਨਿਕੋਲਸ ਪੂਰਨ ਨੇ ਤੇਜ਼ਤਰਾਰ ਅੰਦਾਜ਼ ਵਿੱਚ ਸਿਰਫ਼ 17 ਗੇਂਦਾਂ ‘ਤੇ 32 ਦੌੜਾਂ ਬਣਾਈਆਂ। ਉਸਨੇ ਇੱਕ ਚੌਕਾ ਅਤੇ ਲਗਾਤਾਰ ਚਾਰ ਛੱਕੇ ਜੜ੍ਹ ਕੇ ਲਖਨਊ ਨੂੰ 20 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਿਵਾ ਦਿੱਤੀ।

ਇਸ ਹਾਰ ਨਾਲ Chennai Super Kings ਦੀਆਂ ਪਲੇਆਫ਼ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਦੂਜੇ ਪਾਸੇ, ਲਖਨਊ ਲਈ ਇਹ ਜਿੱਤ ਕਾਫ਼ੀ ਮਹੱਤਵਪੂਰਨ ਸਾਬਤ ਹੋਈ।

ਮੈਚ ਤੋਂ ਬਾਅਦ Mitchell Marsh ਨੂੰ ਉਸਦੀ ਧਮਾਕੇਦਾਰ ਬੱਲੇਬਾਜ਼ੀ ਲਈ “ਪਲੇਅਰ ਆਫ਼ ਦ ਮੈਚ” ਚੁਣਿਆ ਗਿਆ।