
Gulveer Singh ਨੇ 5000 ਮੀਟਰ ਦੌੜ ਵਿੱਚ ਬਣਾਇਆ ਨਵਾਂ National Record
ਭਾਰਤ ਦੇ ਸਿਖਰਲੇ ਲੰਮੀ ਦੂਰੀ ਦੇ ਦੌੜਾਕ Gulveer Singh ਨੇ ਲਾਸ ਏਂਜਲਸ ਵਿੱਚ ਹੋਏ ਐੱਲ ਏ ਟਰੈਕ ਫੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਨਵਾਂ ਆਊਟਡੋਰ ਕੌਮੀ ਰਿਕਾਰਡ ਬਣਾਇਆ ਹੈ। ਇਸ ਸ਼ਾਨਦਾਰ ਦੌੜ ਦੇ ਨਾਲ ਗੁਲਵੀਰ ਨੇ ਮੁਕਾਬਲੇ ਵਿੱਚ ਦੂਜਾ ਸਥਾਨ ਵੀ ਹਾਸਲ ਕੀਤਾ।
ਵਰਲਡ ਐਥਲੈਟਿਕਸ ਕੌਂਟੀਨੈਂਟਲ ਟੂਰ ਸਿਲਵਰ ਪੱਧਰ ਦੇ ਇਸ ਟੂਰਨਾਮੈਂਟ ਵਿੱਚ Gulveer Singh ਨੇ 13 ਮਿੰਟ 03.93 ਸਕਿੰਟ ਦਾ ਸਮਾਂ ਕੱਢਿਆ। ਇਸ ਪ੍ਰਦਰਸ਼ਨ ਨਾਲ ਉਸ ਨੇ ਆਪਣਾ ਹੀ ਪੁਰਾਣਾ ਆਊਟਡੋਰ ਨੈਸ਼ਨਲ ਰਿਕਾਰਡ 13:11.82 ਤੋੜ ਦਿੱਤਾ।
27 ਸਾਲਾ ਭਾਰਤੀ ਦੌੜਾਕ ਪਹਿਲਾਂ ਵੀ ਕਈ ਵੱਡੀਆਂ ਉਪਲਬਧੀਆਂ ਆਪਣੇ ਨਾਂ ਕਰ ਚੁੱਕਾ ਹੈ। ਪਿਛਲੇ ਸਾਲ ਬੋਸਟਨ ਵਿੱਚ ਹੋਏ ਟੈਰੀਅਰ ਡੀਐੱਮਆਰ ਚੈਲੇਂਜ ਇਨਡੋਰ ਮੁਕਾਬਲੇ ਦੌਰਾਨ ਉਸ ਨੇ 12 ਮਿੰਟ 59.77 ਸਕਿੰਟ ਦਾ ਸਮਾਂ ਦਰਜ ਕਰਕੇ 5000 ਮੀਟਰ ਵਿੱਚ ਓਵਰਆਲ ਭਾਰਤੀ ਰਿਕਾਰਡ ਬਣਾਇਆ ਸੀ, ਜੋ ਅਜੇ ਵੀ ਕਾਇਮ ਹੈ।
ਲਾਸ ਏਂਜਲਸ ਵਿੱਚ ਕੀਤਾ ਗਿਆ ਇਹ ਪ੍ਰਦਰਸ਼ਨ ਗੁਲਵੀਰ ਦੇ ਕਰੀਅਰ ਦਾ ਦੂਜਾ ਸਰਵੋਤਮ ਸਮਾਂ ਹੈ। ਐੱਲ ਏ ਟਰੈਕ ਫੈਸਟ ਵਿੱਚ ਪਹਿਲਾ ਸਥਾਨ ਹੈਬਟੋਮ ਸੈਮੁਅਲ ਨੇ 12:57.23 ਦੇ ਸਮੇਂ ਨਾਲ ਹਾਸਲ ਕੀਤਾ।
Gulveer Singh ਇਸ ਵੇਲੇ ਏਸ਼ਿਆਈ ਚੈਂਪੀਅਨ ਵੀ ਹਨ ਅਤੇ ਉਨ੍ਹਾਂ ਦੇ ਨਾਂ 10,000 ਮੀਟਰ ਅਤੇ ਹਾਫ ਮੈਰਾਥਨ ਦੇ ਭਾਰਤੀ ਕੌਮੀ ਰਿਕਾਰਡ ਵੀ ਦਰਜ ਹਨ।