Skip to main content

thepunjabilink.com

ਮੱਖਣਵਿੰਡੀ ਦੇ ਉਪਿੰਦਰਬੀਰ ਸਿੰਘ ਸਿੱਧੂ ਨੇ ਮਲੇਸ਼ੀਆ ‘ਚ ਜਿੱਤਿਆ ਚਾਂਦੀ ਦਾ ਤਗਮਾ, ਭਾਰਤ ਦਾ ਨਾਮ ਕੀਤਾ ਰੌਸ਼ਨ

ਪੰਜਾਬ ਦੇ ਪਿੰਡ ਮੱਖਣਵਿੰਡੀ ਨਾਲ ਸੰਬੰਧਿਤ ਐਥਲੀਟ ਉਪਿੰਦਰਬੀਰ ਸਿੰਘ ਸਿੱਧੂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। ਮਲੇਸ਼ੀਆ ਵਿੱਚ ਆਯੋਜਿਤ 38ਵੀਂ ਮਲੇਸ਼ੀਅਨ ਇੰਟਰਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਉੱਚੀ ਛਾਲ (ਹਾਈ ਜੰਪ) ਮੁਕਾਬਲੇ ਵਿੱਚ ਉਨ੍ਹਾਂ ਨੇ ਦੂਜਾ ਸਥਾਨ ਹਾਸਲ ਕਰਕੇ ਦੇਸ਼ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਜੀਵਨ ਆਸ ਫਾਊਂਡੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਉਪਿੰਦਰਬੀਰ ਸਿੰਘ ਸਿੱਧੂ ਨੇ 40 ਸਾਲ ਤੋਂ ਵੱਧ ਉਮਰ ਵਰਗ ਦੇ ਹਾਈ ਜੰਪ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤਾ। ਉਨ੍ਹਾਂ ਦੀ ਇਸ ਉਪਲਬਧੀ ਨੂੰ ਖੇਡ ਜਗਤ ਵਿੱਚ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਪ੍ਰਾਪਤੀ ਤੋਂ ਬਾਅਦ ਹੁਣ ਸਿੱਧੂ ਨਵੰਬਰ ਮਹੀਨੇ ਵਿੱਚ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋਣ ਵਾਲੀਆਂ ਪੈਨ ਪੈਸੀਫਿਕ ਮਾਸਟਰਜ਼ ਗੇਮਜ਼ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਉਪਿੰਦਰਬੀਰ ਸਿੰਘ ਸਿੱਧੂ ਇਸ ਤੋਂ ਪਹਿਲਾਂ ਵੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਨੇ ਖੇਲੋ ਨੈਸ਼ਨਲ ਮਾਸਟਰਜ਼, ਫਿੱਟ ਇੰਡੀਆ ਮਾਸਟਰ ਅਤੇ ਵਨ ਹੈਲਥ ਐਥਲੈਟਿਕਸ ਮੀਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸੋਨੇ ਅਤੇ ਕਾਂਸੇ ਦੇ ਤਗਮੇ ਹਾਸਲ ਕੀਤੇ ਸਨ। ਸਾਲ 2025 ਵਿੱਚ ਉਹ 23ਵੀਂ ਏਸ਼ੀਆ ਮਾਸਟਰਜ਼ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਜੀਵਨ ਆਸ ਫਾਊਂਡੇਸ਼ਨ 2018 ਤੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਦੀ ਇਸ ਕਾਮਯਾਬੀ ‘ਤੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਖੇਡ ਪ੍ਰੇਮੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

Gulveer Singh ਨੇ 5000 ਮੀਟਰ ਦੌੜ ਵਿੱਚ ਬਣਾਇਆ ਨਵਾਂ National Record

Gulveer Singh ਨੇ 5000 ਮੀਟਰ ਦੌੜ ਵਿੱਚ ਬਣਾਇਆ ਨਵਾਂ National Record ਭਾਰਤ ਦੇ ਸਿਖਰਲੇ ਲੰਮੀ ਦੂਰੀ ਦੇ ਦੌੜਾਕ Gulveer Singh ਨੇ ਲਾਸ ਏਂਜਲਸ ਵਿੱਚ ਹੋਏ ਐੱਲ ਏ ਟਰੈਕ ਫੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਨਵਾਂ ਆਊਟਡੋਰ ਕੌਮੀ ਰਿਕਾਰਡ ਬਣਾਇਆ ਹੈ। ਇਸ ਸ਼ਾਨਦਾਰ ਦੌੜ ਦੇ ਨਾਲ ਗੁਲਵੀਰ ਨੇ ਮੁਕਾਬਲੇ ਵਿੱਚ ਦੂਜਾ ਸਥਾਨ ਵੀ ਹਾਸਲ ਕੀਤਾ। ਵਰਲਡ ਐਥਲੈਟਿਕਸ ਕੌਂਟੀਨੈਂਟਲ ਟੂਰ ਸਿਲਵਰ ਪੱਧਰ ਦੇ ਇਸ ਟੂਰਨਾਮੈਂਟ ਵਿੱਚ Gulveer Singh ਨੇ 13 ਮਿੰਟ 03.93 ਸਕਿੰਟ ਦਾ ਸਮਾਂ ਕੱਢਿਆ। ਇਸ ਪ੍ਰਦਰਸ਼ਨ ਨਾਲ ਉਸ ਨੇ ਆਪਣਾ ਹੀ ਪੁਰਾਣਾ ਆਊਟਡੋਰ ਨੈਸ਼ਨਲ ਰਿਕਾਰਡ 13:11.82 ਤੋੜ ਦਿੱਤਾ। 27 ਸਾਲਾ ਭਾਰਤੀ ਦੌੜਾਕ ਪਹਿਲਾਂ ਵੀ ਕਈ ਵੱਡੀਆਂ ਉਪਲਬਧੀਆਂ ਆਪਣੇ ਨਾਂ ਕਰ ਚੁੱਕਾ ਹੈ। ਪਿਛਲੇ ਸਾਲ ਬੋਸਟਨ ਵਿੱਚ ਹੋਏ ਟੈਰੀਅਰ ਡੀਐੱਮਆਰ ਚੈਲੇਂਜ ਇਨਡੋਰ ਮੁਕਾਬਲੇ ਦੌਰਾਨ ਉਸ ਨੇ 12 ਮਿੰਟ 59.77 ਸਕਿੰਟ ਦਾ ਸਮਾਂ ਦਰਜ ਕਰਕੇ 5000 ਮੀਟਰ ਵਿੱਚ ਓਵਰਆਲ ਭਾਰਤੀ ਰਿਕਾਰਡ ਬਣਾਇਆ ਸੀ, ਜੋ ਅਜੇ ਵੀ ਕਾਇਮ ਹੈ। ਲਾਸ ਏਂਜਲਸ ਵਿੱਚ ਕੀਤਾ ਗਿਆ ਇਹ ਪ੍ਰਦਰਸ਼ਨ ਗੁਲਵੀਰ ਦੇ ਕਰੀਅਰ ਦਾ ਦੂਜਾ ਸਰਵੋਤਮ ਸਮਾਂ ਹੈ। ਐੱਲ ਏ ਟਰੈਕ ਫੈਸਟ ਵਿੱਚ ਪਹਿਲਾ ਸਥਾਨ ਹੈਬਟੋਮ ਸੈਮੁਅਲ ਨੇ 12:57.23 ਦੇ ਸਮੇਂ ਨਾਲ ਹਾਸਲ ਕੀਤਾ। Gulveer Singh ਇਸ ਵੇਲੇ ਏਸ਼ਿਆਈ ਚੈਂਪੀਅਨ ਵੀ ਹਨ ਅਤੇ ਉਨ੍ਹਾਂ ਦੇ ਨਾਂ 10,000 ਮੀਟਰ ਅਤੇ ਹਾਫ ਮੈਰਾਥਨ ਦੇ ਭਾਰਤੀ ਕੌਮੀ ਰਿਕਾਰਡ ਵੀ ਦਰਜ ਹਨ।