
ਦਾਦੀ ਦੇ ‘ਥਾਪੇ’ ਤੋਂ Team India ਤੱਕ ਪਹੁੰਚਿਆ ਗੁਰਨੂਰ ਬਰਾੜ, ਪਿੰਡ ਖਿਉਵਾਲੀ ‘ਚ ਖੁਸ਼ੀ ਦਾ ਮਾਹੌਲ
ਚੰਡੀਗੜ੍ਹ: ਪੰਜਾਬ ਦੇ ਪਿੰਡ ਖਿਉਵਾਲੀ ਦਾ ਨਾਮ ਹੁਣ ਸਿਰਫ਼ ਸਿਆਸਤ ਲਈ ਹੀ ਨਹੀਂ, ਸਗੋਂ ਕ੍ਰਿਕਟ ਦੀ ਦੁਨੀਆ ਵਿੱਚ ਵੀ ਚਮਕਣ ਲੱਗ ਪਿਆ ਹੈ। ਪਿੰਡ ਦੇ ਬਰਾੜ ਪਰਿਵਾਰ ਨਾਲ ਸੰਬੰਧਿਤ 6 ਫੁੱਟ 4 ਇੰਚ ਲੰਬੇ ਤੇਜ਼ ਗੇਂਦਬਾਜ਼ Gurnoor Singh Brar ਦੀ ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਹੋ ਗਈ ਹੈ। ਇਸ ਵੱਡੀ ਉਪਲਬਧੀ ਨਾਲ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।
25 ਸਾਲਾ ਸੱਜੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਆਪਣੀ ਰਫ਼ਤਾਰ ਅਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨਾਲ ਘਰੇਲੂ ਕ੍ਰਿਕਟ ਵਿੱਚ ਵੱਖਰੀ ਪਛਾਣ ਬਣਾਈ ਹੈ। Punjab Kings ਅਤੇ Gujarat Titans ਵਰਗੀਆਂ ਆਈਪੀਐਲ ਟੀਮਾਂ ਲਈ ਖੇਡ ਚੁੱਕੇ ਗੁਰਨੂਰ ਹੁਣ Team India ਤੱਕ ਪਹੁੰਚ ਗਏ ਹਨ।
ਦਾਦੀ ਦੇ ‘ਥਾਪੇ’ ਨਾਲ ਸ਼ੁਰੂ ਹੋਇਆ ਕ੍ਰਿਕਟ ਸਫ਼ਰ
ਗੁਰਨੂਰ ਦਾ ਕ੍ਰਿਕਟ ਨਾਲ ਪਿਆਰ ਬਚਪਨ ਤੋਂ ਹੀ ਸੀ। ਜਦੋਂ ਉਹ ਚੰਡੀਗੜ੍ਹ ਤੋਂ ਆਪਣੇ ਜੱਦੀ ਪਿੰਡ ਖਿਉਵਾਲੀ ਆਉਂਦੇ ਸਨ, ਤਾਂ ਆਪਣੀ ਦਾਦੀ Gurdas Kaur ਨਾਲ ਕੱਪੜੇ ਧੋਣ ਵਾਲੇ ‘ਥਾਪੇ’ ਨੂੰ ਬੈਟ ਬਣਾ ਕੇ ਕ੍ਰਿਕਟ ਖੇਡਦੇ ਸਨ।
ਦਾਦੀ ਗੁਰਦਾਸ ਕੌਰ ਨੇ ਭਾਵੁਕ ਹੋ ਕੇ ਦੱਸਿਆ ਕਿ ਛੋਟੇ ਹੁੰਦੇ ਗੁਰਨੂਰ ਬੜੀ ਜ਼ਿੱਦ ਕਰਦੇ ਸਨ ਕਿ ਉਹ ਉਨ੍ਹਾਂ ਨਾਲ ਕ੍ਰਿਕਟ ਖੇਡਣ। ਉਨ੍ਹਾਂ ਕਿਹਾ ਕਿ ਉਸ ਵੇਲੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਖੇਡ ਇੱਕ ਦਿਨ ਉਸਦੇ ਪੋਤਰੇ ਨੂੰ ਦੇਸ਼ ਲਈ ਖੇਡਣ ਦਾ ਮੌਕਾ ਦੇਵੇਗੀ।
ਪਰਿਵਾਰ ਅਤੇ ਪਿੰਡ ਵਿੱਚ ਜਸ਼ਨ
ਗੁਰਨੂਰ ਦੀ ਚੋਣ ਤੋਂ ਬਾਅਦ ਉਸਦੇ ਜੱਦੀ ਘਰ ਵਿੱਚ ਜਸ਼ਨਾਂ ਦਾ ਮਾਹੌਲ ਬਣਿਆ ਹੋਇਆ ਹੈ। ਦਾਦਾ Amarjit Singh Brar ਅਤੇ ਪਰਿਵਾਰ ਦੇ ਹੋਰ ਮੈਂਬਰ ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰ ਰਹੇ ਹਨ।
ਗੁਰਨੂਰ ਦੇ ਪਿਤਾ Sukhvir Brar ਚੰਡੀਗੜ੍ਹ ਪੁਲਿਸ ਵਿੱਚ ਸੇਵਾ ਨਿਭਾ ਰਹੇ ਹਨ, ਜਦਕਿ ਪਰਿਵਾਰ ਦਾ ਪਿਛੋਕੜ ਇੱਕ ਸਧਾਰਨ ਕਿਸਾਨ ਪਰਿਵਾਰ ਨਾਲ ਜੁੜਿਆ ਹੋਇਆ ਹੈ।
ਪਰਿਵਾਰ ਦੇ ਮੈਂਬਰਾਂ ਮੁਤਾਬਕ ਗੁਰਨੂਰ ਦੀ ਮਿਹਨਤ ਅਤੇ ਲਗਨ ਨੇ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਇਲਾਕੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
ਕਬੱਡੀ ਤੋਂ ਕ੍ਰਿਕਟ ਤੱਕ ਖੇਡਾਂ ਦਾ ਰਿਵਾਜ
ਗੁਰਨੂਰ ਦੇ ਚਾਚਾ ਦਾਦਾ Baljit Singh Brar ਖੁਦ ਕੌਮੀ ਪੱਧਰ ਦੇ ਕਬੱਡੀ ਖਿਡਾਰੀ ਰਹਿ ਚੁੱਕੇ ਹਨ। ਪਰਿਵਾਰ ਵਿੱਚ ਖੇਡਾਂ ਦਾ ਮਾਹੌਲ ਰਹਿਣ ਕਰਕੇ ਗੁਰਨੂਰ ਨੂੰ ਵੀ ਬਚਪਨ ਤੋਂ ਹੀ ਖੇਡਾਂ ਵੱਲ ਪ੍ਰੇਰਣਾ ਮਿਲਦੀ ਰਹੀ।
ਹੁਣ ਪਿੰਡ ਵਾਸੀਆਂ ਨੂੰ ਉਮੀਦ ਹੈ ਕਿ Gurnoor Singh Brar ਆਪਣੀ ਤੇਜ਼ ਗੇਂਦਬਾਜ਼ੀ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵੀ ਕਮਾਲ ਦਿਖਾਉਣਗੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।