Skip to main content

thepunjabilink.com

ਤਰਨ ਤਾਰਨ ਜ਼ਿਲ੍ਹੇ ਦੇ ਥਾਣਾ ਝਬਾਲ ਅਧੀਨ ਪੈਂਦੇ ਪਿੰਡ ਝਬਾਲ ਕਲਾਂ ਵਿੱਚ ਮੰਗਲਵਾਰ ਸੰਝ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਨੇ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਈ ਫਾਇਰਿੰਗ ਵਿੱਚ ਦੋ ਸਕੇ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ।

ਝਗੜਾ ਰੋਕਣ ਆਏ ਸਨ ਮ੍ਰਿਤਕ ਭਰਾ

ਮਿਲੀ ਜਾਣਕਾਰੀ ਅਨੁਸਾਰ, ਮੁੱਖ ਮੁਲਜ਼ਮ ਕੀਰਤ ਸਿੰਘ (ਪੁੱਤਰ ਸ਼ਹਬਾਜ ਸਿੰਘ) ਆਪਣੇ ਕੁਝ ਸਾਥੀਆਂ ਨਾਲ ਗੱਡੀ ਵਿੱਚ ਆਇਆ ਅਤੇ ਇੱਕ ਨੌਜਵਾਨ ਨਾਲ ਝਗੜਾ ਕਰਨ ਲੱਗਾ। ਜਦੋਂ ਉਸ ਨੌਜਵਾਨ ਦੇ ਪਿਤਾ ਅਤੇ ਤਾਇਆ (ਦੋਵੇਂ ਸਕੇ ਭਰਾ) ਵਿਚਾਲੇ ਪੈ ਕੇ ਝਗੜਾ ਛੁਡਾਉਣ ਆਏ, ਤਾਂ ਮੁਲਜ਼ਮ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ।

ਗੰਭੀਰ ਰੂਪ ਵਿੱਚ ਜ਼ਖ਼ਮੀ ਦੋਵਾਂ ਭਰਾਵਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਦੀਆਂ ਕਈ ਟੀਮਾਂ ਗਠਿਤ, ਛਾਪੇਮਾਰੀ ਜਾਰੀ

ਘਟਨਾ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਪਰਵੇਸ਼ ਚੋਪੜਾ ਨੇ ਦੱਸਿਆ ਕਿ ਐਸਐਸਪੀ ਤਰਨ ਤਾਰਨ ਸੁਰਿੰਦਰ ਲਾਂਬਾ ਦੇ ਨਿਰਦੇਸ਼ਾਂ ਹੇਠ SP, DSP ਅਤੇ CIA ਸਮੇਤ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਜੁਟ ਗਈਆਂ ਹਨ। ਪੁਲਿਸ ਮੁਤਾਬਕ ਮਾਮਲੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ, ਜਦਕਿ ਵਰਤੇ ਗਏ ਹਥਿਆਰ ਦੀ ਜਾਣਕਾਰੀ ਰਿਕਵਰੀ ਤੋਂ ਬਾਅਦ ਹੀ ਸਾਹਮਣੇ ਆਵੇਗੀ।

ਪਿੰਡ ਵਿੱਚ ਸੋਗ ਦੀ ਲਹਿਰ, ਲੋਕਾਂ ‘ਚ ਰੋਸ

ਪਿੰਡ ਵਾਸੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਿਵਾਰ ਇਲਾਕੇ ਵਿੱਚ ਬਹੁਤ ਹੀ ਸਤਿਕਾਰਯੋਗ ਸੀ। ਦੋਵੇਂ ਭਰਾ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਰਹਿ ਚੁੱਕੇ ਸਨ ਅਤੇ ਸਮਾਜ ਸੇਵਾ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਕਾਨੂੰਨ-ਵਿਵਸਥਾ ‘ਤੇ ਸਵਾਲ ਚੁੱਕਦਿਆਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

#TarnTaranNews #DoubleMurder #JhabalKalan #PunjabCrimeNews #PunjabPolice #AmritsarNews #BreakingNewsPunjab #CrimeUpdates #PunjabNews