Skip to main content

thepunjabilink.com

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੂਸ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ਇੱਕ ਪੱਤਰ ਲਿਖ ਕੇ ਤੁਰੰਤ ਕੂਟਨੀਤਕ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿੱਚ ਜੰਗ ਦੌਰਾਨ ਜਾਨਾਂ ਗੁਆ ਚੁੱਕੇ ਭਾਰਤੀਆਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਅਤੇ ਲਾਪਤਾ ਨੌਜਵਾਨਾਂ ਦੀ ਭਾਲ ਲਈ ਕੇਂਦਰ ਸਰਕਾਰ ਨੂੰ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

ਸੰਤ ਸੀਚੇਵਾਲ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਹ ਮੁੱਦਾ ਸੰਸਦ ਵਿੱਚ ਉਠਾਉਂਦੇ ਆ ਰਹੇ ਹਨ। ਉਨ੍ਹਾਂ ਮੁਤਾਬਕ ਇਸ ਵੇਲੇ ਉਨ੍ਹਾਂ ਕੋਲ ਰੂਸ ਵਿੱਚ ਫਸੇ 10 ਭਾਰਤੀ ਨੌਜਵਾਨਾਂ ਦੇ ਮਾਮਲੇ ਆਏ ਹਨ, ਜਿਨ੍ਹਾਂ ਵਿੱਚੋਂ ਕੁਝ ਉੱਥੇ ਫਸੇ ਹੋਏ ਹਨ, ਕੁਝ ਲਾਪਤਾ ਹਨ ਅਤੇ ਕੁਝ ਜੰਗ ਦੌਰਾਨ ਜਾਨਾਂ ਗੁਆ ਚੁੱਕੇ ਹਨ।

ਨੌਜਵਾਨਾਂ ਨੂੰ ਕਾਨੂੰਨੀ ਪੇਚਾਂ ‘ਚ ਫਸਾਇਆ ਗਿਆ

ਸੰਤ ਸੀਚੇਵਾਲ ਨੇ ਖੁਲਾਸਾ ਕੀਤਾ ਕਿ ਪ੍ਰਭਾਵਿਤ ਪਰਿਵਾਰਾਂ ਦਾ ਦਾਅਵਾ ਹੈ ਕਿ ਰੂਸ ਵਿੱਚ ਕੁੱਝ ਭਾਰਤੀ ਨੌਜਵਾਨਾਂ ਨੂੰ ਜਾਨਬੁੱਝ ਕੇ ਕਾਨੂੰਨੀ ਤੇ ਪ੍ਰਸ਼ਾਸਨਿਕ ਪੇਚਾਂ ਵਿੱਚ ਫਸਾਇਆ ਜਾਂਦਾ ਹੈ। ਬਾਅਦ ਵਿੱਚ ਉਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਦਬਾਅ ਹੇਠ ਰੂਸੀ ਫ਼ੌਜ ਵਿੱਚ ਭਰਤੀ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ।

ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ:

  • ਰੂਸੀ ਅਧਿਕਾਰੀਆਂ ਨਾਲ ਇਹ ਮਾਮਲਾ ਗੰਭੀਰਤਾ ਨਾਲ ਉਠਾ ਕੇ ਨਿਰਪੱਖ ਜਾਂਚ ਕਰਵਾਈ ਜਾਵੇ।
  • ਮਨੁੱਖੀ ਤਸਕਰੀ ਅਤੇ ਗ਼ੈਰ-ਕਾਨੂੰਨੀ ਏਜੰਟਾਂ ਦੇ ਜਾਲ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
  • ਜੰਗ ਦੌਰਾਨ ਮਾਰੇ ਗਏ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਨੂੰ ਰੂਸੀ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਆਵਜ਼ਾ ਦਿਵਾਉਣ ਲਈ ਕੇਂਦਰ ਸਰਕਾਰ ਪਹਿਲ ਕਰੇ।

ਪ੍ਰਭਾਵਿਤ ਨੌਜਵਾਨਾਂ ਅਤੇ ਪਰਿਵਾਰਾਂ ਦੇ ਮੁੱਖ ਮਾਮਲੇ:

  • ਮਹਿਕਪ੍ਰੀਤ ਸਿੰਘ: ਸਟੱਡੀ ਵੀਜ਼ੇ ‘ਤੇ ਰੂਸ ਗਿਆ ਸੀ ਅਤੇ ਇਸ ਵੇਲੇ ਹਿਰਾਸਤ ‘ਚ ਹੈ। ਪਰਿਵਾਰ ਵੱਲੋਂ ਅਦਾਲਤ ਦਾ ਜੁਰਮਾਨਾ ਅਦਾ ਕਰਨ ਦੇ ਬਾਵਜੂਦ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ।
  • ਗਗਨਦੀਪ ਸਿੰਘ: ਰੂਸ-ਯੂਕ੍ਰੇਨ ਜੰਗ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ।
  • ਜਰਨੈਲ ਸਿੰਘ, ਹਰਵਿੰਦਰ ਸਿੰਘ, ਜਗਰੂਪ ਸਿੰਘ: ਲੰਬੇ ਸਮੇਂ ਤੋਂ ਰੂਸੀ ਆਰਮੀ ਵਿੱਚ ਲਾਪਤਾ ਹਨ।
  • ਹੀਰਾ ਸਿੰਘ (ਅੰਮ੍ਰਿਤਸਰ): ਮੌਤ ਹੋ ਚੁੱਕੀ ਹੈ, ਪਰ ਮ੍ਰਿਤਕ ਦੇਹ ਅਜੇ ਤੱਕ ਭਾਰਤ ਨਹੀਂ ਪਹੁੰਚ ਸਕੀ।
  • ਅਵਿਨਾਸ਼ ਕੁਮਾਰ, ਵਿਸ਼ਾਲ ਸਿੰਘ, ਰਣਜੀਤ ਸਿੰਘ, ਰਮਨਜੀਤ ਸਿੰਘ, ਸਿਕੰਦਰ ਸਿੰਘ: ਰੂਸ ਵਿੱਚ ਫਸੇ ਹੋਏ ਹੋਰ ਭਾਰਤੀ ਨੌਜਵਾਨ।

ਸੰਤ ਸੀਚੇਵਾਲ ਨੇ ਅਪੀਲ ਕੀਤੀ ਹੈ ਕਿ ਭਾਰਤੀ ਦੂਤਾਵਾਸ ਅਤੇ ਵਿਦੇਸ਼ ਮੰਤਰਾਲਾ ਤੁਰੰਤ ਪ੍ਰਭਾਵਸ਼ਾਲੀ ਦਖਲ ਦੇ ਕੇ ਸਾਰੇ ਨੌਜਵਾਨਾਂ ਦੀ ਸੁਰੱਖਿਆ ਅਤੇ ਵਤਨ ਵਾਪਸੀ ਯਕੀਨੀ ਬਣਾਵੇ।

#SantSeechewal #SJaishankar #ExternalAffairsMinistry #IndianYouthInRussia #RussiaUkraineWar #IndianEmbassy #SultanpurLodhi #PunjabiNews #BreakingNews #PunjabPolitics