Skip to main content

thepunjabilink.com

ਰੋਪੜ/ਬਿੰਦਰਖ:

ਦੇਸ਼ ਦੀ ਸੇਵਾ ਕਰਦਿਆਂ ਲੇਹ-ਲੱਦਾਖ ਵਿੱਚ ਤਾਇਨਾਤ ਰੋਪੜ ਦੇ ਪਿੰਡ ਬਿੰਦਰਖ ਦੇ ਨਾਇਕ ਸਰਬਜੀਤ ਸਿੰਘ ਦੀ ਸ਼ਹੀਦ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਲੇਹ-ਲੱਦਾਖ ਵਿੱਚ ਡਿਊਟੀ ਦੌਰਾਨ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ। ਅੱਜ ਸ਼ਹੀਦ ਦੀ ਮ੍ਰਿਤਕ ਦੇਹ ਉਹਨਾਂ ਦੇ ਜੱਦੀ ਪਿੰਡ ਬਿੰਦਰੱਖ ਵਿਖੇ ਲਿਆਈ ਗਈ, ਜਿੱਥੇ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਪੂਰੇ ਇਲਾਕੇ ਵਿੱਚ ਮਾਤਮ ਦਾ ਮਾਹੌਲ ਹੈ।

ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ, ਜਨਵਰੀ ‘ਚ ਹੋਇਆ ਸੀ ਵਿਆਹ

ਉੱਧਰ ਗੱਲਬਾਤ ਦੌਰਾਨ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦੇ ਬੇਟੇ ਦਾ ਅਜੇ ਇਸੇ ਸਾਲ ਜਨਵਰੀ 2026 ਵਿੱਚ ਵਿਆਹ ਹੋਇਆ ਸੀ। ਸ਼ਹੀਦ ਦੇ ਦਾਦਾ ਜੀ ਵੀ ਫ਼ੌਜ ਵਿੱਚ ਸਨ ਅਤੇ ਪਰਿਵਾਰ ਵਿੱਚ ਦੇਸ਼ ਸੇਵਾ ਦਾ ਜਜ਼ਬਾ ਪੀੜ੍ਹੀਆਂ ਤੋਂ ਚੱਲ ਰਿਹਾ ਹੈ। ਸ਼ਹੀਦ ਆਪਣੇ ਪਿੱਛੇ ਪਿਤਾ, ਮਾਤਾ ਅਤੇ ਨਵ-ਵਿਆਹੀ ਪਤਨੀ ਛੱਡ ਗਿਆ ਹੈ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਸਰਬਜੀਤ ਸਿੰਘ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਛੁੱਟੀ ਲੈ ਕੇ ਘਰ ਆਉਣਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

“ਪਰਸੋਂ ਹੀ ਹੋਈ ਸੀ ਆਖਰੀ ਗੱਲ” — ਭਾਵੁਕ ਹੋਈ ਮਾਂ

ਸ਼ਹੀਦ ਦੀ ਮਾਤਾ ਨੇ ਰੋਂਦਿਆਂ ਦੱਸਿਆ ਕਿ ਪਰਸੋਂ ਹੀ ਉਹਨਾਂ ਦੀ ਆਪਣੇ ਬੇਟੇ ਨਾਲ ਫ਼ੋਨ ‘ਤੇ ਗੱਲਬਾਤ ਹੋਈ ਸੀ। ਸਰਬਜੀਤ ਨੇ ਆਖਿਆ ਸੀ ਕਿ ਉਹ ਬਿਲਕੁਲ ਠੀਕ-ਠਾਕ ਹੈ ਅਤੇ ਜਲਦੀ ਹੀ ਘਰ ਆਵੇਗਾ। ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਇਹ ਉਹਨਾਂ ਦੀ ਆਖਰੀ ਗੱਲਬਾਤ ਸੀ।

ਅਜੇ ਹੱਥੋਂ ਚੂੜਾ ਵੀ ਨਹੀਂ ਸੀ ਉੱਤਰਿਆ

ਇਸ ਮੰਦਭਾਗੀ ਘਟਨਾ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਸ਼ਹੀਦ ਹੋਏ ਨਾਇਕ ਸਰਬਜੀਤ ਸਿੰਘ ਦੀ ਪਤਨੀ, ਜਿਸ ਦਾ ਅਜੇ ਹੱਥੋਂ ਵਿਆਹ ਦਾ ਚੂੜਾ ਵੀ ਨਹੀਂ ਸੀ ਉੱਤਰਿਆ, ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਵਿਆਹ ਤੋਂ ਬਾਅਦ ਜਿਸ ਪਤੀ ਦੀ ਪਹਿਲੀ ਛੁੱਟੀ ਆਉਣ ਦੀਆਂ ਉਡੀਕਾਂ ਹੋ ਰਹੀਆਂ ਸਨ, ਉਸਦੀ ਮ੍ਰਿਤਕ ਦੇਹ ਘਰ ਪਹੁੰਚੀ।

RoparNews #ShaheedSarabjitSingh #IndianArmy #LehLadakh #PunjabNews #Rupnagar #BindrakhVillage