
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸਮਰਾਲਾ ਦੀ ਰਹਿਣ ਵਾਲੀ 23 ਸਾਲਾ ਧੀ ਦਮਨਪ੍ਰੀਤ ਕੌਰ ਦਾ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਡਮਿੰਟਨ ਪੁਲਿਸ ਮੁਤਾਬਕ ਇਹ ਘਟਨਾ ‘ਇੰਟੀਮੇਟ ਪਾਰਟਨਰ ਹੋਮੀਸਾਈਡ’ (ਮਾਨਸਿਕ/ਘਰੇਲੂ ਹਿੰਸਾ) ਦਾ ਨਤੀਜਾ ਹੈ। ਪੁਲਿਸ ਨੇ ਮਾਮਲੇ ਵਿੱਚ ਮ੍ਰਿਤਕਾ ਦੇ ਲਿਵ-ਇਨ ਪਾਰਟਨਰ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਸੈਕੰਡ-ਡਿਗਰੀ ਮਰਡਰ ਦਾ ਕੇਸ ਦਰਜ ਕੀਤਾ ਹੈ।
ਗਲੇ ‘ਚ ਘੁੱਟਣ ਕਾਰਨ ਹੋਈ ਮੌਤ
ਐਡਮਿੰਟਨ ਪੁਲਿਸ ਸਰਵਿਸ ਅਨੁਸਾਰ, 9 ਜੁਲਾਈ ਨੂੰ ਸਿਲਵਰਬੇਰੀ ਇਲਾਕੇ ‘ਚੋਂ ਇੱਕ ਲੜਕੀ ਦੇ ਬੇਹੋਸ਼ ਅਤੇ ਸ਼ੱਕੀ ਹਾਲਤ ‘ਚ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਸੀ। ਦਮਨਪ੍ਰੀਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ 12 ਜੁਲਾਈ ਨੂੰ ਉਸ ਨੇ ਦਮ ਤੋੜ ਦਿੱਤਾ।
14 ਜੁਲਾਈ ਨੂੰ ਹੋਈ ਪੋਸਟਮਾਰਟਮ ਰਿਪੋਰਟ ਵਿੱਚ ਪੁਸ਼ਟੀ ਹੋਈ ਕਿ ਦਮਨਪ੍ਰੀਤ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ। ਜਾਂਚ ਦੇ ਮੱਦੇਨਜ਼ਰ ਪੁਲਿਸ ਨੇ ਸ਼ੁਰੂਆਤ ਵਿੱਚ ਮੌਤ ਦੇ ਕਾਰਨਾਂ ਨੂੰ ਗੁਪਤ ਰੱਖਿਆ ਸੀ।
ਦਿੱਲੀ ਦਾ ਰਹਿਣ ਵਾਲਾ ਦੋਸ਼ੀ ਅਰੈਸਟ
ਪੁਲਿਸ ਨੇ 22 ਜੁਲਾਈ ਨੂੰ ਦੋਸ਼ੀ ਰਿਤੀਸ਼ ਕੁਮਾਰ (22), ਜੋ ਕਿ ਮੂਲ ਰੂਪ ਵਿੱਚ ਦਿੱਲੀ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ‘ਤੇ ਸੈਕੰਡ-ਡਿਗਰੀ ਮਰਡਰ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਵਿੱਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਹੈ। ਹਾਲਾਂਕਿ, ਅਦਾਲਤ ਵਿੱਚ ਅਜੇ ਦੋਸ਼ ਸਿੱਧ ਹੋਣੇ ਬਾਕੀ ਹਨ।
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਪਰਿਵਾਰਕ ਮੈਂਬਰਾਂ ਮੁਤਾਬਕ ਦਮਨਪ੍ਰੀਤ ਲਗਭਗ 5 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ। ਉਸ ਦੇ ਮਾਪਿਆਂ ਨੇ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜਿਆ ਸੀ। ਇਸ ਦੁਖਦਾਈ ਖ਼ਬਰ ਨਾਲ ਸਮਰਾਲਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਦਮਨਪ੍ਰੀਤ ਦੀ ਦੇਹ ਨੂੰ ਪੰਜਾਬ ਲਿਆਉਣ ਅਤੇ ਅੰਤਿਮ ਸੰਸਕਾਰ ਲਈ ਪਰਿਵਾਰ ਦੀ ਮਦਦ ਵਾਸਤੇ ਇੱਕ GoFundMe ਕੰਪੇਨ ਵੀ ਸ਼ੁਰੂ ਕੀਤੀ ਗਈ ਹੈ।
#PunjabNews #Ludhiana #Samrala #EdmontonCrime #CanadaNews #PunjabiInCanada #DamanpreetKaur #JusticeForDamanpreet #NRI #PunjabUpdates