
ਨਵੀਂ ਦਿੱਲੀ/ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਜਥੇਬੰਦਕ ਫੇਰਬਦਲ ਨੂੰ ਲੈ ਕੇ ਚੱਲ ਰਹੀ ਸਿਆਸੀ ਹਲਚਲ ਹੁਣ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਪਾਰਟੀ ਦੀ ਅੰਦਰੂਨੀ ਨਾਰਾਜ਼ਗੀ ਅਤੇ ਕਲਹਿ ਹੁਣ ਦਿੱਲੀ ਦਰਬਾਰ ਤੱਕ ਪਹੁੰਚ ਚੁੱਕੀ ਹੈ। ਪੰਜਾਬ ਕਾਂਗਰਸ ਦੇ ਤਿੰਨ ਸੀਨੀਅਰ ਆਗੂ—ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਭਰਤ ਭੂਸ਼ਣ ਆਸ਼ੂ ਦਿੱਲੀ ਪਹੁੰਚ ਗਏ ਹਨ।
ਸੂਤਰਾਂ ਮੁਤਾਬਕ ਇਹ ਤਿੰਨੋਂ ਆਗੂ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਕਰਨਗੇ। ਇਸ ਬੈਠਕ ਦੌਰਾਨ ਪੰਜਾਬ ਕਾਂਗਰਸ ਦੇ ਮੌਜੂਦਾ ਵਿਵਾਦਾਂ, ਜਥੇਬੰਦਕ ਢਾਂਚੇ ਵਿੱਚ ਬਦਲਾਅ ਅਤੇ ਆਗੂਆਂ ਦੀ ਨਾਰਾਜ਼ਗੀ ਸਮੇਤ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਭੁਪੇਸ਼ ਬਘੇਲ ਦੇ ਦੌਰੇ ਦੌਰਾਨ ਹੀ ਬਣ ਗਈ ਸੀ ਬਗਾਵਤੀ ਸੁਰ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਦੋਂ ਸੀਨੀਅਰ ਕਾਂਗਰਸੀ ਆਗੂ ਭੁਪੇਸ਼ ਬਘੇਲ ਚੰਡੀਗੜ੍ਹ ਦੌਰੇ ‘ਤੇ ਆਏ ਸਨ, ਤਾਂ ਉਸੇ ਵੇਲੇ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇੱਕ ਵੱਖਰੀ ਬੈਠਕ ਕਰਕੇ ਆਪਣੀ ਨਾਰਾਜ਼ਗੀ ਦੇ ਸਪੱਸ਼ਟ ਸੰਕੇਤ ਦੇ ਦਿੱਤੇ ਸਨ।
ਹੁਣ ਸਭ ਦੀਆਂ ਨਜ਼ਰਾਂ ਦਿੱਲੀ ਵਿੱਚ ਹੋਣ ਵਾਲੀ ਇਸ ਅਹਿਮ ਹਲਚਲ ‘ਤੇ ਟਿਕੀਆਂ ਹੋਈਆਂ ਹਨ। ਦੇਖਣਾ ਹੋਵੇਗਾ ਕਿ ਕਾਂਗਰਸ ਹਾਈਕਮਾਨ ਇਨ੍ਹਾਂ ਨਾਰਾਜ਼ ਆਗੂਆਂ ਨੂੰ ਮਨਾਉਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਕੋਈ ਨਵਾਂ ਧਮਾਕੇਦਾਰ ਮੋੜ ਆਉਂਦਾ ਹੈ।
PunjabCongress #CharanjitChanni #SukhjinderRandhawa #BharatBhushanAshu #CongressHighCommand #PunjabPolitics #Delhi #Chandigarh #PunjabNews