Skip to main content

thepunjabilink.com

ਚੰਡੀਗੜ੍ਹ/ਬਰਨਾਲਾ: ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪੰਜ ਸਾਲਾ ਮਾਸੂਮ ਹਰਗੁਣ ਸਿੰਘ ਧਾਲੀਵਾਲ ਨੇ ਆਪਣੀ ਨੇਕਦਿਲੀ ਨਾਲ ਨਾ ਸਿਰਫ਼ ਪੰਜਾਬੀਆਂ ਦਾ, ਸਗੋਂ ਬਾਲੀਵੁੱਡ ਅਦਾਕਾਰਾ ਅਤੇ ਪੰਜਾਬ ਕਿੰਗਜ਼ ਦੀ ਮਾਲਕਣ ਪ੍ਰੀਤੀ ਜ਼ਿੰਟਾ ਦਾ ਦਿਲ ਵੀ ਜਿੱਤ ਲਿਆ ਹੈ। ਪ੍ਰੀਤੀ ਜ਼ਿੰਟਾ ਨੇ ਹਰਗੁਣ ਨੂੰ ਉਸ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਦਿਖਾਏ ਜਜ਼ਬੇ ਬਦਲੇ ਆਈਪੀਐਲ (IPL) ਮੈਚ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

ਗੋਲਕ (ਬੁਗਨੀ) ਕੀਤੀ ਸੀ ਦਾਨ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ, ਵਾਈ.ਐਸ. ਸਕੂਲ ਹੰਡਿਆਇਆ (ਬਰਨਾਲਾ) ਦੇ ਯੂ.ਕੇ.ਜੀ. ਕਲਾਸ ਦੇ ਵਿਦਿਆਰਥੀ ਹਰਗੁਣ ਸਿੰਘ ਨੇ ਆਪਣੀ ਜਮਾਂ ਪੂੰਜੀ ਵਾਲੀ ਗੋਲਕ (ਬੁਗਨੀ) ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਰਕਾਰ ਨੂੰ ਸੌਂਪ ਦਿੱਤੀ ਸੀ। ਬੱਚੇ ਦੀ ਇਸ ਮਾਸੂਮ ਪਰ ਵੱਡੀ ਸੋਚ ਦੀ ਸੋਸ਼ਲ ਮੀਡੀਆ ‘ਤੇ ਕਾਫੀ ਸ਼ਲਾਘਾ ਹੋਈ ਸੀ।

IPL ਮੈਚ ‘ਚ ਮਿਲਿਆ ‘ਗੋਲਡ ਮੈਡਲ’

ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਹੋਏ ਮੈਚ ਦੌਰਾਨ ਪ੍ਰੀਤੀ ਜ਼ਿੰਟਾ ਨੇ ਹਰਗੁਣ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਉਚੇਚੇ ਤੌਰ ‘ਤੇ ਸੱਦਿਆ। ਪ੍ਰੀਤੀ ਨੇ ਹਰਗੁਣ ਨੂੰ ਗੋਲਡ ਮੈਡਲ ਅਤੇ ਆਟੋਗ੍ਰਾਫ ਵਾਲਾ ਬੱਲਾ ਭੇਟ ਕਰਕੇ ਉਸ ਦਾ ਸਨਮਾਨ ਕੀਤਾ।

ਸਿਤਾਰਿਆਂ ਨਾਲ ਮਾਣਿਆ ਮੈਚ ਦਾ ਆਨੰਦ

ਹਰਗੁਣ ਨੇ ਆਪਣੇ ਪਰਿਵਾਰ ਸਮੇਤ ਵੀ.ਆਈ.ਪੀ. (VIP) ਬਾਕਸ ਵਿੱਚ ਬੈਠ ਕੇ ਮੈਚ ਦੇਖਿਆ। ਇਸ ਮੌਕੇ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ, ਪੰਜਾਬੀ ਅਦਾਕਾਰਾ ਸੋਨਮ ਬਾਜਵਾ, ਗਾਇਕ ਜਸਬੀਰ ਜੱਸੀ ਅਤੇ ਕੁਲਵਿੰਦਰ ਬਿੱਲਾ ਵਰਗੀਆਂ ਨਾਮੀ ਹਸਤੀਆਂ ਵੀ ਮੌਜੂਦ ਸਨ, ਜਿਨ੍ਹਾਂ ਨੇ ਬੱਚੇ ਦੇ ਇਸ ਹੌਸਲੇ ਦੀ ਤਾਰੀਫ਼ ਕੀਤੀ।

ਪਰਿਵਾਰ ਨੇ ਜਤਾਈ ਖੁਸ਼ੀ

ਹਰਗੁਣ ਦੇ ਪਿਤਾ ਧਰਮਿੰਦਰ ਸਿੰਘ ਧਾਲੀਵਾਲ ਅਤੇ ਪਰਿਵਾਰਕ ਮੈਂਬਰਾਂ ਨੇ ਇਸ ਮੌਕੇ ਪ੍ਰੀਤੀ ਜ਼ਿੰਟਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ‘ਫੁਲਕਾਰੀ’ ਭੇਟ ਕੀਤੀ। ਉਨ੍ਹਾਂ ਕਿਹਾ ਕਿ ਹਰਗੁਣ ਦੀ ਇਸ ਛੋਟੀ ਜਿਹੀ ਕੋਸ਼ਿਸ਼ ਨੂੰ ਇੰਨਾ ਵੱਡਾ ਸਨਮਾਨ ਮਿਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

#PreityZinta #HargunSinghBarnala #PunjabKings #IPL #Humanity #BarnalaNews #PunjabFloodRelief