
ਨੀਟ (NEET-UG) ਪ੍ਰੀਖਿਆ ਦੇ ਨਤੀਜਿਆਂ ਵਿੱਚ ਪੰਜਾਬ ਦਾ ਨਾਂ ਦੇਸ਼ ਭਰ ਵਿੱਚ ਰੌਸ਼ਨ ਹੋਇਆ ਹੈ। ਲੁਧਿਆਣਾ ਦੇ 17 ਸਾਲਾ ਹੋਣਹਾਰ ਵਿਦਿਆਰਥੀ ਆਰੀਅਨ ਗੁਪਤਾ ਨੇ ਇਸ ਵੱਕਾਰੀ ਪ੍ਰੀਖਿਆ ਵਿੱਚ ‘ਆਲ ਇੰਡੀਆ ਰੈਂਕ 1’ (AIR 1) ਹਾਸਲ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ।
ਆਰੀਅਨ ਦੀ ਇਸ ਸ਼ਾਨਦਾਰ ਅਤੇ ਇਤਿਹਾਸਕ ਪ੍ਰਾਪਤੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਆਰੀਅਨ ਦੇ ਹੌਂਸਲੇ ਦੀ ਸ਼ਲਾਘਾ ਕਰਦਿਆਂ ਲਿਖਿਆ:
“ਨੀਟ (NEET-UG) ਪ੍ਰੀਖਿਆ ਵਿੱਚ ‘ਆਲ ਇੰਡੀਆ ਰੈਂਕ 1’ ਹਾਸਲ ਕਰਨ ‘ਤੇ ਲੁਧਿਆਣਾ ਦੇ 17 ਸਾਲਾ ਆਰੀਅਨ ਗੁਪਤਾ ਨੂੰ ਬਹੁਤ-ਬਹੁਤ ਮੁਬਾਰਕਾਂ… ਪ੍ਰੀਖਿਆ ਰੱਦ ਹੋਣ ਦੀ ਨਿਰਾਸ਼ਾ ਨੂੰ ਆਪਣੀ ਤਾਕਤ ਬਣਾ ਕੇ ਆਰੀਅਨ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਲਗਨ ਅੱਗੇ ਕੋਈ ਵੀ ਮੰਜ਼ਿਲ ਦੂਰ ਨਹੀਂ… ਆਰੀਅਨ ਦੀ ਇਹ ਸ਼ਾਨਦਾਰ ਪ੍ਰਾਪਤੀ ਅਤੇ ਹੌਂਸਲਾ ਹਰ ਨੌਜਵਾਨ ਲਈ ਇੱਕ ਵੱਡੀ ਪ੍ਰੇਰਨਾ ਹੈ… ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ…”
ਨਿਰਾਸ਼ਾ ਨੂੰ ਬਣਾਇਆ ਆਪਣੀ ਤਾਕਤ
ਜ਼ਿਕਰਯੋਗ ਹੈ ਕਿ ਪ੍ਰੀਖਿਆ ਦੇ ਸਫ਼ਰ ਦੌਰਾਨ ਆਈਆਂ ਮੁਸ਼ਕਿਲਾਂ ਅਤੇ ਪ੍ਰੀਖਿਆ ਰੱਦ ਹੋਣ ਦੇ ਬਾਵਜੂਦ ਆਰੀਅਨ ਨੇ ਹਿੰਮਤ ਨਹੀਂ ਹਾਰੀ। ਉਸ ਨੇ ਇਸ ਨਿਰਾਸ਼ਾਜਨਕ ਦੌਰ ਨੂੰ ਇੱਕ ਮੌਕੇ ਵਿੱਚ ਬਦਲਿਆ ਅਤੇ ਆਪਣੀ ਤਿਆਰੀ ਨੂੰ ਹੋਰ ਮਜ਼ਬੂਤ ਕੀਤਾ। ਆਰੀਅਨ ਦੀ ਇਹ ਸਫ਼ਲਤਾ ਦੇਸ਼ ਦੇ ਲੱਖਾਂ ਹੋਰ ਨੌਜਵਾਨਾਂ ਅਤੇ ਪ੍ਰੀਖਿਆਰਥੀਆਂ ਲਈ ਇੱਕ ਵੱਡੀ ਪ੍ਰੇਰਨਾ ਬਣ ਕੇ ਸਾਹਮਣੇ ਆਈ ਹੈ ਕਿ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ ‘ਤੇ ਵੀ ਆਰੀਅਨ ਗੁਪਤਾ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ਅਤੇ ਪੂਰੇ ਪੰਜਾਬ ਨੂੰ ਆਪਣੇ ਇਸ ਪੁੱਤਰ ‘ਤੇ ਮਾਣ ਹੈ।