
ਚੰਡੀਗੜ੍ਹ:
ਮੈਡੀਕਲ ਪ੍ਰਵੇਸ਼ ਪ੍ਰੀਖਿਆ ‘ਨੀਟ’ (NEET UG Re-Exam) ਦੇਣ ਵਾਲੇ ਵਿਦਿਆਰਥੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਪ੍ਰੀਖਿਆਰਥੀਆਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣ ਦੇ ਐਲਾਨ ਤੋਂ ਬਾਅਦ ਹੁਣ ਗੁਆਂਢੀ ਰਾਜ ਹਰਿਆਣਾ ਨੇ ਵੀ ਇਸੇ ਤਰ੍ਹਾਂ ਦਾ ਵੱਡਾ ਫੈਸਲਾ ਲਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਨੀਟ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਮਿਲੇਗੀ।
ਐਡਮਿਟ ਕਾਰਡ ਦਿਖਾ ਕੇ ਮਿਲੇਗੀ ਮੁਫ਼ਤ ਸਫ਼ਰ ਦੀ ਸਹੂਲਤ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਪ੍ਰੀਖਿਆਰਥੀਆਂ ਨੂੰ ਬੱਸਾਂ ਵਿੱਚ ਸਫ਼ਰ ਦੌਰਾਨ ਕੋਈ ਕਿਰਾਇਆ ਨਹੀਂ ਦੇਣਾ ਪਵੇਗਾ। ਇਸ ਸਹੂਲਤ ਦਾ ਲਾਭ ਲੈਣ ਲਈ ਵਿਦਿਆਰਥੀਆਂ ਨੂੰ ਬੱਸ ਕੰਡਕਟਰ ਨੂੰ ਆਪਣਾ ਵੈਧ (Valid) NEET ਪ੍ਰੀਖਿਆ ਦਾ ਐਡਮਿਟ ਕਾਰਡ (Admit Card) ਦਿਖਾਉਣਾ ਹੋਵੇਗਾ।
20 ਅਤੇ 21 ਜੂਨ ਨੂੰ ਲਾਗੂ ਰਹੇਗੀ ਸਹੂਲਤ
ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸਹੂਲਤ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਯਾਨੀ 20 ਜੂਨ ਅਤੇ ਪ੍ਰੀਖਿਆ ਵਾਲੇ ਦਿਨ 21 ਜੂਨ ਨੂੰ ਪੂਰੇ ਰਾਜ ਵਿੱਚ ਲਾਗੂ ਰਹੇਗੀ। ਇਸ ਦਾ ਮਕਸਦ ਦੂਰ-ਦੁਰਾਡੇ ਦੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਵਾਲੇ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨਾ ਅਤੇ ਉਨ੍ਹਾਂ ਦੇ ਸਫ਼ਰ ਨੂੰ ਤਣਾਅ-ਮੁਕਤ ਬਣਾਉਣਾ ਹੈ।
ਪਹਿਲਾਂ CET ਪ੍ਰੀਖਿਆ ਲਈ ਵੀ ਦਿੱਤੀ ਸੀ ਰਾਹਤ
ਮੁੱਖ ਮੰਤਰੀ ਸੈਣੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਇਸ ਤੋਂ ਪਹਿਲਾਂ ਕਾਮਨ ਐਲੀਜੀਬਿਲਟੀ ਟੈਸਟ (CET) ਦੇ ਪ੍ਰੀਖਿਆਰਥੀਆਂ ਨੂੰ ਵੀ ਸਰਕਾਰ ਨੇ ਇਹ ਰਾਹਤ ਦਿੱਤੀ ਸੀ, ਅਤੇ ਹੁਣ ਨੀਟ ਦੇ ਲੱਖਾਂ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਬਿਨਾਂ ਕਿਸੇ ਪਰੇਸ਼ਾਨੀ ਦੇ ਪਹੁੰਚਾਉਣ ਲਈ ਇਹ ਪ੍ਰਬੰਧ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਦੇਸ਼ ਭਰ ਵਿੱਚ NEET ਪ੍ਰੀਖਿਆ ਦੁਬਾਰਾ 21 ਜੂਨ ਨੂੰ ਕਰਵਾਈ ਜਾ ਰਹੀ ਹੈ, ਜਿਸ ਲਈ ਸੁਰੱਖਿਆ ਦੇ ਵੀ ਸਖ਼ਤ ਇੰਤਜ਼ਾਮ ਕੀਤੇ ਗਏ ਹਨ।