Skip to main content

thepunjabilink.com

ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡ ਤਖਤੂਪੁਰਾ ਵਿਖੇ ਲੰਘੀ ਰਾਤ ਟਰਾਂਸਫਾਰਮਰ ਚੋਰੀ ਕਰਨ ਦੀ ਨੀਅਤ ਨਾਲ ਆਏ ਚੋਰਾਂ ਨਾਲ ਇੱਕ ਹਾਦਸਾ ਵਾਪਰ ਗਿਆ। ਚੋਰੀ ਦੀ ਫਿਰਾਕ ‘ਚ ਆਏ ਮੁਲਜ਼ਮਾਂ ਦੀ ਗੱਡੀ ਖੇਤਾਂ ਦੀ ਕੱਚੀ ਪਹਿ (ਰਸਤੇ) ਵਿੱਚ ਫਸ ਗਈ। ਕਾਫੀ ਜੱਦੋ-ਜਹਿਦ ਤੋਂ ਬਾਅਦ ਵੀ ਜਦੋਂ ਗੱਡੀ ਬਾਹਰ ਨਾ ਨਿਕਲੀ, ਤਾਂ ਮੁਲਜ਼ਮ ਆਪਣਾ ਵੱਡਾ ਟਰੱਕ ਅਤੇ ਗੱਡੀ ਮੌਕੇ ’ਤੇ ਹੀ ਛੱਡ ਕੇ ਅੰਧੇਰੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਏ।

ਹੈਰਾਨੀ ਦੀ ਗੱਲ ਇਹ ਰਹੀ ਕਿ ਅਗਲੇ ਦਿਨ ਜਦੋਂ ਕਥਿਤ ਮੁਲਜ਼ਮ ਆਪਣੀ ਫਸੀ ਹੋਈ ਗੱਡੀ ਕੱਢਵਾਉਣ ਲਈ ਮੁੜ ਮੌਕੇ ‘ਤੇ ਪਹੁੰਚੇ, ਤਾਂ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਬਹਾਨਾ ਬਣਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਗੱਡੀ ਰਾਤ ਸਮੇਂ ਇੱਥੇ ਫਸ ਗਈ ਸੀ, ਜਿਸ ਕਾਰਨ ਉਹ ਇਸ ਨੂੰ ਛੱਡ ਕੇ ਚਲੇ ਗਏ ਸਨ। ਹਾਲਾਂਕਿ, ਪਿੰਡ ਵਾਸੀਆਂ ਨੂੰ ਉਨ੍ਹਾਂ ਦੀਆਂ ਗੱਲਾਂ ’ਤੇ ਸ਼ੱਕ ਹੋਇਆ ਅਤੇ ਲੋਕਾਂ ਨੇ ਬਿਨਾਂ ਦੇਰੀ ਕੀਤੇ ਦੋਵਾਂ ਨੂੰ ਮੌਕੇ ‘ਤੇ ਹੀ ਧਰ ਲਿਆ।

ਘਟਨਾ ਦੀ ਜਾਣਕਾਰੀ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਲੋਕਾਂ ਨੇ ਫੜੇ ਗਏ ਕਥਿਤ ਦੋਸ਼ੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਟਰਾਂਸਫਾਰਮਰ ਚੋਰੀ ਕਰਨ ਦੇ ਮਕਸਦ ਨਾਲ ਆਏ ਸਨ ਜਾਂ ਮਾਮਲਾ ਕੁੱਝ ਹੋਰ ਹੈ। ਇਸ ਦੇ ਨਾਲ ਹੀ ਮੌਕੇ ‘ਤੇ ਛੱਡੇ ਗਏ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਪੂਰੇ ਮਾਮਲੇ ‘ਚ ਅਜੇ ਤੱਕ ਪੁਲਿਸ ਅਧਿਕਾਰੀਆਂ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

#MogaNews #Takhtupura #TransformerTheft #PunjabNews #MogaPolice #CrimeNews #PunjabCrime #LocalNews