
ਓਟਾਵਾ: ‘ਸਿੱਖ ਹੈਰੀਟੇਜ ਮੰਥ’ (Sikh Heritage Month) ਦੇ ਮੌਕੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਟਾਵਾ ਦੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ। ਦੋਵਾਂ ਨੇ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਸਿੱਖ ਭਾਈਚਾਰੇ ਨਾਲ ਮੁਲਾਕਾਤ ਕੀਤੀ।
ਸੇਵਾ ਵਿੱਚ ਲੀਨ ਨਜ਼ਰ ਆਏ PM
ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ, ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਨ੍ਹਾਂ ਦੀ ਪਤਨੀ ਲੰਗਰ ਹਾਲ ਵਿੱਚ ਪਹੁੰਚੇ। ਉੱਥੇ ਉਨ੍ਹਾਂ ਨੇ ਬੜੀ ਨਿਮਰਤਾ ਨਾਲ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਕੀਤੀ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ PM ਕਾਰਨੀ ਅਤੇ ਉਨ੍ਹਾਂ ਦੀ ਪਤਨੀ ਸ਼ਰਧਾ ਨਾਲ ਸੇਵਾ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਸਿੱਖ ਭਾਈਚਾਰੇ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।
ਸਿੱਖ ਹੈਰੀਟੇਜ ਮੰਥ ਦੀਆਂ ਵਧਾਈਆਂ
ਦੱਸਣਯੋਗ ਹੈ ਕਿ ਕੈਨੇਡਾ ਵਿੱਚ ਅਪ੍ਰੈਲ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ PM ਕਾਰਨੀ ਨੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਤਰੱਕੀ ਵਿੱਚ ਸਿੱਖ ਕੌਮ ਦਾ ਵੱਡਾ ਹੱਥ ਹੈ ਅਤੇ ਗੁਰੂ ਘਰ ਆ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ।