
ਪੰਜਾਬ ਦੀ ਸਿਆਸਤ ਵਿੱਚ ਬਿਆਨਬਾਜ਼ੀ ਦਾ ਦੌਰ ਤੇਜ਼ ਹੋ ਗਿਆ ਹੈ। ਕਾਂਗਰਸ ਹਾਈਕਮਾਂਡ ਵੱਲੋਂ ਆਗਾਮੀ ਚੋਣਾਂ ਬਿਨਾਂ ਕਿਸੇ ਮੁੱਖ ਮੰਤਰੀ ਦੇ ਚਿਹਰੇ (CM Face) ਤੋਂ ਲੜਨ ਦੇ ਫੈਸਲੇ ‘ਤੇ ਹੁਣ ਆਮ ਆਦਮੀ ਪਾਰਟੀ (AAP) ਨੇ ਵੱਡਾ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਅੰਦਰੂਨੀ ਤੌਰ ‘ਤੇ ਹਾਰ ਮੰਨ ਚੁੱਕੀ ਹੈ।
‘ਕਾਂਗਰਸ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ’
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, “ਕਾਂਗਰਸ ਦੇ ਪੱਲੇ ਹੁਣ ਕੁਝ ਨਹੀਂ ਰਿਹਾ। ਉਨ੍ਹਾਂ ਨੂੰ ਭਲੀਭਾਂਤ ਪਤਾ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਨਕਾਰ ਚੁੱਕੇ ਹਨ ਅਤੇ ਇਸ ਵਾਰ ਉਨ੍ਹਾਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ।”
ਭੁਪੇਸ਼ ਬਘੇਲ ‘ਤੇ ਸਾਧਿਆ ਨਿਸ਼ਾਨਾ: ‘ਕੀ ਉਨ੍ਹਾਂ ਕੋਲ ਪੰਜਾਬ ਦਾ ਕੋਈ ਏਜੰਡਾ ਹੈ?’
ਧਾਲੀਵਾਲ ਨੇ ਪੰਜਾਬ ਕਾਂਗਰਸ ਦੇ ਮਾਮਲਿਆਂ ਵਿੱਚ ਸਰਗਰਮ ਹੋਏ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ‘ਤੇ ਸਿੱਧਾ ਹਮਲਾ ਬੋਲਿਆ। ਉਨ੍ਹਾਂ ਸਵਾਲ ਕਰਦਿਆਂ ਕਿਹਾ, “ਬਘੇਲ ਨੂੰ ਪੁੱਛੋ ਕਿ ਕੀ ਉਨ੍ਹਾਂ ਕੋਲ ਪੰਜਾਬ ਦੇ ਵਿਕਾਸ ਦਾ ਕੋਈ ਏਜੰਡਾ ਹੈ? ਬਘੇਲ ਨੇ ਪਹਿਲਾਂ ਆਪਣੇ ਸੂਬੇ ਵਿੱਚ ਕਾਂਗਰਸ ਦਾ ਬੇੜਾ ਗਰਕ ਕੀਤਾ ਅਤੇ ਹੁਣ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਾਲ ਲੈ ਕੇ ਪੰਜਾਬ ਵਿੱਚ ਵੀ ਕਾਂਗਰਸ ਦਾ ਪੂਰੀ ਤਰ੍ਹਾਂ ਬੇੜਾ ਗਰਕ ਕਰਨਗੇ।”
‘ਇਸ ਵਾਰ 3-4 ਤੋਂ ਜ਼ਿਆਦਾ ਸੀਟਾਂ ਨਹੀਂ ਮਿਲਣਗੀਆਂ’
ਕਾਂਗਰਸ ਦੀਆਂ ਚੋਣ ਸੰਭਾਵਨਾਵਾਂ ‘ਤੇ ਬੋਲਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਤਾਂ ਕਾਂਗਰਸ ਕਿਸੇ ਤਰ੍ਹਾਂ 15-16 ਸੀਟਾਂ ਲੈ ਗਈ ਸੀ, ਪਰ ਮੌਜੂਦਾ ਹਾਲਾਤ ਨੂੰ ਦੇਖਦਿਆਂ ਇਸ ਵਾਰ ਕਾਂਗਰਸ ਪੰਜਾਬ ਵਿੱਚ 3-4 ਸੀਟਾਂ ਤੋਂ ਉੱਪਰ ਨਹੀਂ ਟੱਪ ਸਕੇਗੀ।
‘ਕਾਂਗਰਸ ਦਾ ਇਤਿਹਾਸ ਪੰਜਾਬ ਨਾਲ ਧੋਖਾ ਕਰਨ ਦਾ ਰਿਹਾ’
ਧਾਲੀਵਾਲ ਨੇ ਕਾਂਗਰਸ ਦੀ ਅੰਦਰੂਨੀ ਫੁੱਟ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸ ਦਾ ਇਹ ਇਤਿਹਾਸ ਰਿਹਾ ਹੈ ਕਿ ਇਹ ਆਗੂ ਕਦੇ ਵੀ ਇੱਕ ਪਲੇਟਫਾਰਮ ‘ਤੇ ਇਕੱਠੇ ਨਹੀਂ ਆ ਸਕਦੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।
KuldeepSinghDhaliwal #PunjabPolitics #PunjabCongress #RajaWarring #BhupeshBaghel