
ਜਲੰਧਰ ਨੂੰ ‘ਸਮਾਰਟ ਸਿਟੀ’ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪ੍ਰਸ਼ਾਸਨ ਦੀ ਪੋਲ ਇੱਕ ਵਾਰ ਫਿਰ ਖੁੱਲ੍ਹ ਗਈ ਹੈ। ਲੰਮਾ ਪਿੰਡ ਚੌਂਕ ਦੇ ਨੇੜੇ ਸਰਵਿਸ ਲਾਈਨ ‘ਤੇ ਸੜਕ ਦੀ ਮਾੜੀ ਹਾਲਤ ਕਾਰਨ ਸੀਮੈਂਟ ਦੀਆਂ ਬੋਰੀਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਪਲਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਚਾਲਕ ਵਾਲ-ਵਾਲ ਬਚ ਗਿਆ, ਪਰ ਸੜਕ ‘ਤੇ ਭਰੇ ਪਾਣੀ ਅਤੇ ਡੂੰਘੇ ਖੱਡਿਆਂ ਨੇ ਸਥਾਨਕ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ।
3-3 ਫੁੱਟ ਭਰਿਆ ਪਾਣੀ, ਖੱਡੇ ਬਣੇ ‘ਮੌਤ ਦਾ ਜਾਲ’
ਸਥਾਨਕ ਲੋਕਾਂ ਅਨੁਸਾਰ ਲੰਮਾ ਪਿੰਡ ਚੌਂਕ ਤੋਂ ਲੈ ਕੇ ਸੂਚੀ ਪਿੰਡ ਤੱਕ ਨਿਰਮਾਣ ਅਧੀਨ ਸੜਕ ਦਾ ਕੰਮ ਪਿਛਲੇ ਇੱਕ ਸਾਲ ਤੋਂ ਅਧੂਰਾ ਲਟਕ ਰਿਹਾ ਹੈ। ਬਾਰਿਸ਼ ਕਾਰਨ ਸੜਕ ‘ਤੇ 3-3 ਫੁੱਟ ਤੱਕ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਹੇਠਾਂ ਬਣੇ ਡੂੰਘੇ ਖੱਡਿਆਂ ਦਾ ਪਤਾ ਨਹੀਂ ਲੱਗਦਾ। ਅੱਜ ਵੀ ਸੀਮੈਂਟ ਨਾਲ ਭਰੀ ਟਰਾਲੀ ਪਾਣੀ ਵਿੱਚ ਬਣੇ ਖੱਡੇ ਵਿੱਚ ਫਸਣ ਕਾਰਨ ਹੀ ਪਲਟ ਗਈ।
ਇਲਾਕਾ ਨਿਵਾਸੀਆਂ ਦਾ ਦਰਦ: “ਇੱਕ ਸਾਲ ਬੀਤ ਚੁੱਕਾ ਹੈ ਪਰ ਹਾਲਾਤ ਜਸ ਦੇ ਤਸ ਹਨ। ਪ੍ਰਸ਼ਾਸਨ ਵੱਲੋਂ ਕਰਵਾਏ ਗਏ ਬੋਰ ਵੀ ਬੰਦ ਹੋ ਚੁੱਕੇ ਹਨ। ਕੁਝ ਦਿਨ ਪਹਿਲਾਂ ਖੱਡੇ ‘ਚ ਡਿੱਗਣ ਕਾਰਨ ਇੱਕ ਔਰਤ ਦੀ ਲੱਤ ਟੁੱਟ ਗਈ ਸੀ। ਹੋਰ ਕੋਈ ਬਦਲਵਾਂ ਰਸਤਾ ਨਾ ਹੋਣ ਕਰਕੇ ਮਜਬੂਰੀ ‘ਚ ਵਾਹਨ ਚਾਲਕਾਂ ਨੂੰ ਇੱਥੋਂ ਹੀ ਲੰਘਣਾ ਪੈਂਦਾ ਹੈ।” — ਗੋਰਾ (ਸਥਾਨਕ ਨਿਵਾਸੀ)
ਦੁਕਾਨਦਾਰਾਂ ਦਾ ਕਾਰੋਬਾਰ ਠੱਪ, ਪ੍ਰਸ਼ਾਸਨ ਤੋਂ ਜਲਦ ਕੰਮ ਪੂਰਾ ਕਰਨ ਦੀ ਮੰਗ
ਮਾਰਕੀਟ ਦੇ ਦੁਕਾਨਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਸੜਕ ‘ਤੇ ਪਾਈਪਾਂ ਪਾਉਣ ਦਾ ਕੰਮ ਤਾਂ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਕੰਮ ਵਿਚਾਲੇ ਹੀ ਛੱਡ ਦਿੱਤਾ ਗਿਆ। ਲਗਾਤਾਰ ਹੁੰਦੇ ਹਾਦਸਿਆਂ ਅਤੇ ਪਾਣੀ ਦੇ ਭਰਾਅ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਦੁਕਾਨਦਾਰਾਂ ਨੂੰ ਰੋਜ਼ਾਨਾ ਹਾਦਸੇ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਪੈਂਦਾ ਹੈ।
ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਇਸ ਸੜਕ ਦੇ ਨਿਰਮਾਣ ਕਾਰਜ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਰੋਜ਼-ਰੋਜ਼ ਦੇ ਹਾਦਸਿਆਂ ਤੋਂ ਬਚਾਅ ਹੋ ਸਕੇ।
#JalandharNews #PunjabNews #Accident #JalandharTraffic #LammaPindChowk #SmartCityJalandhar #RoadAccident #PunjabRoads #AdministrationNegligence #PotholesIssue