Skip to main content

thepunjabilink.com

ਜਲੰਧਰ ਦੇ ਕਰਤਾਰਪੁਰ ਤੋਂ ਇਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤੀ ਅਤੇ ਸੱਸ ਵੱਲੋਂ ਮਹਿਲਾ ਨੂੰ ਜ਼ਬਰਦਸਤੀ ਹਾਰਪਿਕ (ਤੇਜ਼ਾਬੀ ਫਿਨਾਈਲ) ਪਿਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਗੰਭੀਰ ਹਾਲਤ ਵਿੱਚ ਮਹਿਲਾ ਨੂੰ ਜਲੰਧਰ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਵੈਂਟੀਲੇਟਰ ‘ਤੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਪੀੜਤਾ ਦੀ ਪਛਾਣ ਨੇਹਾ ਬੱਸੀ ਵਜੋਂ ਹੋਈ ਹੈ, ਜੋ ਕਿ ਉਮੰਗ ਬੱਸੀ ਦੀ ਪਤਨੀ ਹੈ। ਘਟਨਾ ਤੋਂ ਬਾਅਦ ਮੁਲਜ਼ਮ ਪਤੀ ਅਤੇ ਸੱਸ ਕੁਸੁਮ ਬੱਸੀ, ਮਹਿਲਾ ਦੀ 6 ਸਾਲਾ ਧੀ ਨੂੰ ਨਾਲ ਲੈ ਕੇ ਫਰਾਰ ਹੋ ਗਏ ਹਨ।

ਜੱਜ ਨੇ ਹਸਪਤਾਲ ਪਹੁੰਚ ਕੇ ਲਿਖਤੀ ‘ਚ ਦਰਜ ਕੀਤੇ ਬਿਆਨ

ਨੇਹਾ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਖੁਦ ਫੋਰਟਿਸ ਹਸਪਤਾਲ ਪਹੁੰਚ ਕੇ ਉਸ ਦੇ ਬਿਆਨ ਦਰਜ ਕੀਤੇ। ਪੀੜਤਾ ਬੋਲਣ ਦੀ ਸਥਿਤੀ ਵਿੱਚ ਨਹੀਂ ਸੀ, ਇਸ ਲਈ ਉਸ ਨੇ ਜੱਜ ਸਾਹਮਣੇ ਲਿਖ ਕੇ ਆਪਣੀ ਹੱਡਬੀਤੀ ਦੱਸੀ। ਨੇਹਾ ਨੇ ਇਲਜ਼ਾਮ ਲਗਾਇਆ ਕਿ ਉਸ ਦੇ ਪਤੀ ਦੇ ਕਿਸੇ ਹੋਰ ਲੜਕੀ ਨਾਲ ਅਵੈਧ ਸਬੰਧ ਸਨ, ਜਿਸ ਨੂੰ ਲੈ ਕੇ ਘਰ ‘ਚ ਅਕਸਰ ਕਲੇਸ਼ ਰਹਿੰਦਾ ਸੀ। ਇਸੇ ਰੰਜਿਸ਼ ਤਹਿਤ ਪਤੀ ਅਤੇ ਸੱਸ ਨੇ ਉਸ ਨੂੰ ਜ਼ਬਰਦਸਤੀ ਹਾਰਪਿਕ ਪਿਲਾ ਦਿੱਤਾ।

ਪੁਲਿਸ ਵੱਲੋਂ ਮਾਮਲਾ ਦਰਜ, ਮੁਲਜ਼ਮਾਂ ਦੀ ਭਾਲ ਜਾਰੀ

ਧੂਰੀ ਦੇ ਰਹਿਣ ਵਾਲੇ ਪੀੜਤਾ ਦੇ ਭਰਾ ਅਮਰੀਸ਼ ਕੁਮਾਰ ਨੇ ਦੱਸਿਆ ਕਿ ਨੇਹਾ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ 24 ਘੰਟੇ ਬਾਅਦ ਦਿੱਤੀ ਗਈ।

ਪੁਲਿਸ ਨੇ ਅਦਾਲਤੀ ਬਿਆਨਾਂ ਅਤੇ ਮਾਇਕੇ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਪਤੀ ਉਮੰਗ ਬੱਸੀ ਅਤੇ ਸੱਸ ਕੁਸੁਮ ਬੱਸੀ ਖ਼ਿਲਾਫ਼ BNS ਦੀਆਂ ਧਾਰਾਵਾਂ 123, 109 ਅਤੇ 85 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦੀਆਂ ਟੀਮਾਂ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।

#JalandharNews #KartarpurNews #CrimeNewsPunjab #PunjabPolice #FortisJalandhar #PunjabNews #CrimeUpdate #DomesticViolence