
ਜਲੰਧਰ: ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ਅਤੇ ਲੁੱਕਆਊਟ ਸਰਕੂਲਰ ਨੋਟਿਸ ਜਾਰੀ ਹੋਣ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਇਸ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ।
ਜੈਵੀਰ ਸ਼ੇਰਗਿੱਲ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਸਿਆਸੀ ਬਦਲਾਖੋਰੀ ਤਹਿਤ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ, “ਜਿੰਨੀ ਪੁਲਿਸ ਫੋਰਸ ਵਿਰੋਧੀ ਆਗੂਆਂ ਦੇ ਪਿੱਛੇ ਲਗਾਈ ਜਾ ਰਹੀ ਹੈ, ਜੇਕਰ ਉਸਦਾ 10 ਫੀਸਦੀ ਹਿੱਸਾ ਵੀ ਪੰਜਾਬ ਵਿੱਚ ਗੈਂਗਸਟਰ ਰਾਜ ਨੂੰ ਖ਼ਤਮ ਕਰਨ ਲਈ ਲਗਾਇਆ ਜਾਂਦਾ, ਤਾਂ ਅੱਜ ਸੂਬੇ ਵਿੱਚ ਅਮਨ, ਚੈਨ ਅਤੇ ਸੁਖ ਦਾ ਮਾਹੌਲ ਹੁੰਦਾ।”
‘2027 ਦੀਆਂ ਚੋਣਾਂ ਦੇ ਡਰੋਂ ਘਬਰਾਈ ਆਮ ਆਦਮੀ ਪਾਰਟੀ’
ਭਾਜਪਾ ਬੁਲਾਰੇ ਨੇ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ‘ਆਪ’ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ, ਜਿਸ ਕਾਰਨ ਘਬਰਾਹਟ ਵਿੱਚ ਹਰ ਵਿਰੋਧੀ ਆਗੂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ 5 ਸਾਲਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਕਾਨੂੰਨ ਮੁਤਾਬਕ ਨਹੀਂ, ਸਗੋਂ ‘ਆਪ’ ਦੇ ਇਸ਼ਾਰਿਆਂ ’ਤੇ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ, ਜਿਸਦਾ ਖ਼ਾਮਿਆਜ਼ਾ ਸੀਐਮ ਭਗਵੰਤ ਮਾਨ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।
ਕਾਨੂੰਨ ਵਿਵਸਥਾ ਗੈਂਗਸਟਰਾਂ ਦੇ ਹੱਥਾਂ ਦਾ ਖਿਡੌਣਾ ਬਣੀ
ਪੰਜਾਬ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਗੈਂਗਸਟਰਾਂ ਦੇ ਹੱਥਾਂ ਵਿੱਚ ਖਿਡੌਣਾ ਬਣ ਕੇ ਰਹਿ ਗਈ ਹੈ। ਆਏ ਦਿਨ ਆਈ.ਈ.ਡੀ. (IED) ਬਲਾਸਟ ਹੋ ਰਹੇ ਹਨ ਅਤੇ ਗਾਇਕਾਂ ਦੇ ਕਤਲ ਕੀਤੇ ਜਾ ਰਹੇ ਹਨ। ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਘੁਟਣਿਆਂ ਭਾਰ ਹੋ ਚੁੱਕੀ ਹੈ।
ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਢਿੱਲੋਂ ’ਤੇ ਸੀਐਮ ਮਾਨ ਵੱਲੋਂ ਕੀਤੇ ਤੰਜ ਦਾ ਜਵਾਬ ਦਿੰਦਿਆਂ ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਬਿਆਨ ਕਿਸੇ ਵੀ ਅਹੁਦੇਦਾਰ ਨੂੰ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ, “ਸੀਐਮ ਮਾਨ ਕਾਮੇਡੀ ਕਰ ਰਹੇ ਹਨ, ਜਿਸ ਕਾਰਨ ਪੰਜਾਬ ਦੀ ਜਨਤਾ ਰੋ ਰਹੀ ਹੈ। ਪੰਜਾਬ ਵਿੱਚ ਮਾਨ ਸਰਕਾਰ ਦਾ ਕਹਿਰ ਪੱਛਮੀ ਬੰਗਾਲ ਨਾਲੋਂ ਵੀ ਵੱਧ ਹੈ ਅਤੇ ਜਲਦ ਹੀ ਪੰਜਾਬ ਦੇ ਲੋਕ ਉਨ੍ਹਾਂ ਨੂੰ ਬੰਗਾਲ ਵਰਗਾ ਹੀ ਸਬਕ ਸਿਖਾਉਣਗੇ।”
‘ਕਾਂਗਰਸ ਦਾ ਟੀਚਾ ਸੇਵਾ ਨਹੀਂ ਸਗੋਂ ਮੇਵਾ ਹੈ’
ਇਸ ਦੌਰਾਨ ਜੈਵੀਰ ਸ਼ੇਰਗਿੱਲ ਨੇ ਕਾਂਗਰਸ ਪਾਰਟੀ ’ਤੇ ਵੀ ਕਰਾਰੇ ਹੱਥੀਂ ਲਿਆ। ਰਾਹੁਲ ਗਾਂਧੀ ’ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮਕਸਦ ਜਨਤਾ ਦੀ ਸੇਵਾ ਕਰਨਾ ਨਹੀਂ, ਸਗੋਂ ‘ਮੇਵਾ’ ਖਾਣਾ ਹੈ। ਅੱਜ ਕਾਂਗਰਸੀ ਆਗੂਆਂ ਦੀ ਸੂਈ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਕੌਣ ਕਿੰਨਾ ਹਿੱਸਾ ਖਾਏਗਾ। ਜੋ ਆਗੂ ਖ਼ੁਦ ਇੱਕ-ਦੂਜੇ ’ਤੇ ਭਰੋਸਾ ਨਹੀਂ ਕਰਦੇ, ਉਹ ਜਨਤਾ ਦਾ ਵਿਸ਼ਵਾਸ ਕਿਵੇਂ ਜਿੱਤਣਗੇ? ਆਉਣ ਵਾਲੀਆਂ ਚੋਣਾਂ ਵਿੱਚ ਜਨਤਾ ਇਨ੍ਹਾਂ ਨੂੰ ਜਵਾਬ ਦੇਵੇਗੀ।
ਅੰਮ੍ਰਿਤਸਰ ਸਕੂਲ ਫੀਸ ਮਾਮਲੇ ‘ਚ ਸਖ਼ਤ ਕਾਰਵਾਈ ਦੀ ਮੰਗ
ਅੰਮ੍ਰਿਤਸਰ ਵਿੱਚ ਫੀਸ ਨਾ ਦੇਣ ਕਾਰਨ ਇੱਕ ਮਾਸੂਮ ਬੱਚੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਦੁਖਦਾਈ ਮਾਮਲੇ ’ਤੇ ਬੋਲਦਿਆਂ ਸ਼ੇਰਗਿੱਲ ਨੇ ਕਿਹਾ ਕਿ ਸਰਕਾਰ ਨੂੰ ਇਸ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ। ਸਰਕਾਰ ਅਤੇ ਅਦਾਲਤ ਨੂੰ ਇਸ ਕੇਸ ਵਿੱਚ ਅਜਿਹੀ ਸਖ਼ਤ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਸਕੂਲ ਪ੍ਰਿੰਸੀਪਲ ਦੁਬਾਰਾ ਅਜਿਹੀ ਹਰਕਤ ਨਾ ਕਰੇ ਅਤੇ ਫੀਸਾਂ ਕਾਰਨ ਕਿਸੇ ਹੋਰ ਬੱਚੀ ਨੂੰ ਆਪਣੀ ਜਾਨ ਨਾ ਗਵਾਉਣੀ ਪਵੇ।
JaiveerShergill #BhagwantMann #BikramMajithia #PunjabPolitics #PunjabGovernment #AAP #BJP #PunjabPolice #Jalandhar #LawAndOrder #Congress #RahulGandhi #PunjabNews