
“ਜਿੱਥੇ ਮੌਤ ਲਿਖੀ ਹੋਵੇ, ਹੋਣੀ ਬੰਦੇ ਨੂੰ ਘੇਰ ਕੇ ਉੱਥੇ ਲੈ ਹੀ ਜਾਂਦੀ ਹੈ।” ਅਜਿਹੀ ਹੀ ਇੱਕ ਦਿਲ-ਦਹਿਲਾ ਦੇਣ ਵਾਲੀ ਦੁਖਦਾਈ ਘਟਨਾ ਇਟਲੀ ਤੋਂ ਸਾਹਮਣੇ ਆਈ ਹੈ, ਜਿੱਥੇ ਅੱਦਾ ਦਰਿਆ (Adda River) ਵਿੱਚ ਡੁੱਬਣ ਨਾਲ ਇੱਕ 4 ਸਾਲਾ ਮਾਸੂਮ ਬੱਚੇ ਅਤੇ ਉਸ ਦੇ ਚਾਚੇ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਅਤੇ ਭਾਰਤੀ ਭਾਈਚਾਰੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।
ਗਰਮੀਆਂ ਦੀਆਂ ਛੁੱਟੀਆਂ ਮਨਾਉਣ ਆਇਆ ਸੀ ਪੁਰਤਗਾਲ ਤੋਂ
ਮਿਲੀ ਜਾਣਕਾਰੀ ਅਨੁਸਾਰ ਪੁਰਤਗਾਲ ਰਹਿੰਦਾ 47 ਸਾਲਾ ਭਾਰਤੀ ਮੂਲ ਦਾ ਨੌਜਵਾਨ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਟਲੀ ‘ਚ ਰਹਿੰਦੇ ਆਪਣੇ ਭਰਾ ਦੇ ਪਰਿਵਾਰ ਨੂੰ ਮਿਲਣ ਆਇਆ ਸੀ। ਬੀਤੇ ਦਿਨ ਇਹ ਪਰਿਵਾਰ ਲੰਬਾਰਦੀਆ ਸੂਬੇ ਦੇ ਕਰੇਮੋਨਾ ਇਲਾਕੇ ‘ਚ ਪੈਂਦੇ ਮਸ਼ਹੂਰ ਸੈਰ-ਸਪਾਟਾ ਕੇਂਦਰ ਰੀਵੋਲਤਾ ਦ’ ਅੱਡਾ ਵਿਖੇ ਘੁੰਮਣ ਗਿਆ ਸੀ।
ਇੰਜ ਵਾਪਰਿਆ ਦਰਦਨਾਕ ਹਾਦਸਾ
ਸੈਰ ਕਰਦਿਆਂ ਜਦੋਂ ਪਰਿਵਾਰ ਦਰਿਆ ਕੰਢੇ ਦਰਖੱਤਾਂ ਦੀ ਛਾਂ ਹੇਠ ਬੈਠਾ ਸੀ, ਤਾਂ ਪਰਿਵਾਰ ਦਾ 4 ਸਾਲਾ ਮਾਸੂਮ ਬੱਚਾ ਅਚਾਨਕ ਭੱਜ ਕੇ ਅੱਦਾ ਦਰਿਆ ਦੇ ਪਾਣੀ ਵਿੱਚ ਵੜ ਗਿਆ। ਬੱਚੇ ਨੂੰ ਖ਼ਤਰੇ ਵਿੱਚ ਦੇਖ ਕੇ ਉਸ ਦਾ ਪਿਤਾ ਅਤੇ ਪੁਰਤਗਾਲ ਤੋਂ ਆਇਆ ਚਾਚਾ ਤੁਰੰਤ ਉਸ ਨੂੰ ਬਚਾਉਣ ਲਈ ਪਾਣੀ ਵਿੱਚ ਕੁੱਦ ਪਏ।
ਪਾਣੀ ਦੇ ਤੇਜ਼ ਵਹਾਅ ਕਾਰਨ ਬੱਚਾ ਗੋਤੇ ਖਾਣ ਲੱਗ ਪਿਆ। ਮੌਕੇ ‘ਤੇ ਪਹੁੰਚੀ ਐਮਰਜੈਂਸੀ ਟੀਮ ਅਤੇ ਗੋਤਾਖੋਰਾਂ ਨੇ ਭਾਰੀ ਜੱਦੋ-ਜਹਿਦ ਤੋਂ ਬਾਅਦ ਬੱਚੇ ਨੂੰ ਗੰਭੀਰ ਹਾਲਤ ‘ਚ ਬਾਹਰ ਕੱਢਿਆ। ਬੱਚੇ ਨੂੰ ਤੁਰੰਤ ਹੈਲੀਕਾਪਟਰ ਰਾਹੀਂ ਬੇਰਗਾਮੋ ਦੇ ‘ਪਾਪਾ ਜਿਓਵਾਨੀ ਹਸਪਤਾਲ’ ਪਹੁੰਚਾਇਆ ਗਿਆ, ਪਰ ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ।
ਬਚਾਉਣ ਗਿਆ ਚਾਚਾ ਵੀ ਪਾਣੀ ‘ਚ ਰੁੜ੍ਹਿਆ
ਦੂਜੇ ਪਾਸੇ, ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ 47 ਸਾਲਾ ਚਾਚਾ ਵੀ ਦਰਿਆ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਗੋਤਾਖੋਰਾਂ ਦੀ ਟੀਮ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਘਟਨਾ ਸਥਾਨ ਤੋਂ ਲਗਭਗ 300 ਮੀਟਰ ਦੂਰੋਂ ਉਸ ਦੀ ਦੇਹ ਬਰਾਮਦ ਕੀਤੀ, ਪਰ ਉਦੋਂ ਤੱਕ ਉਸ ਦੀ ਵੀ ਮੌਤ ਹੋ ਚੁੱਕੀ ਸੀ।
ਪੁਲਿਸ ਨੇ ਦੋਵਾਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੀਵੋਲਤਾ ਦ’ ਅੱਦਾ ਸ਼ਹਿਰ ਆਪਣੀ ਕੁਦਰਤੀ ਸੁੰਦਰਤਾ, ਜੰਗਲਾਂ ਅਤੇ ਦਰਿਆ ਕਾਰਨ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਮੰਨਿਆ ਜਾਂਦਾ ਹੈ, ਪਰ ਇਸ ਭਾਰਤੀ ਪਰਿਵਾਰ ਲਈ ਇਹ ਸੈਰ ਸਦਾ ਲਈ ਕਾਲਾ ਸੱਚ ਬਣ ਕੇ ਰਹਿ ਗਈ।
ItalyNews #PunjabiNews #ItalyPunjabis #NRINews #TragicIncident #ItalyTragedy #AddaRiver #Cremona #Lombardia #RevoltaDAdda #BreakingNewsPunjabi