
ਤੇਹਰਾਨ: ਇਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਸਰਕਾਰ ਦਾ ਇੱਕ ਉੱਚ-ਪੱਧਰੀ ਪ੍ਰਤੀਨਿਧੀ ਮੰਡਲ ਇਰਾਨ ਦੀ ਰਾਜਧਾਨੀ ਤੇਹਰਾਨ ਪਹੁੰਚ ਗਿਆ ਹੈ। ਭਾਰਤੀ ਵਫ਼ਦ ਨੇ ਤੇਹਰਾਨ ਦੇ ਗ੍ਰੈਂਡ ਮੁਸੱਲਾ ਵਿਖੇ ਜਾ ਕੇ ਦੇਸ਼ ਵੱਲੋਂ ਅਲੀ ਖਾਮੇਨਈ ਨੂੰ ਅਧਿਕਾਰਤ ਤੌਰ ‘ਤੇ ਸ਼ਰਧਾਂਜਲੀ ਭੇਟ ਕੀਤੀ।
ਭਾਰਤੀ ਪ੍ਰਤੀਨਿਧੀ ਮੰਡਲ ਵਿੱਚ ਕੌਣ-ਕੌਣ ਹਨ ਸ਼ਾਮਲ?
ਭਾਰਤ ਸਰਕਾਰ ਵੱਲੋਂ ਭੇਜੇ ਗਏ ਇਸ ਅਧਿਕਾਰਤ ਪ੍ਰਤੀਨਿਧੀ ਮੰਡਲ ਦੀ ਅਗਵਾਈ ਮੁੱਖ ਤੌਰ ‘ਤੇ ਦੋ ਸ਼ਖਸੀਅਤਾਂ ਕਰ ਰਹੀਆਂ ਹਨ:
- ਲੇਫਟੀਨੈਂਟ ਜਨਰਲ ਸਈਅਦ ਅਤਾ ਹਸਨੈਨ (ਸੇਵਾਮੁਕਤ): ਬਿਹਾਰ ਦੇ ਮੌਜੂਦਾ ਗਵਰਨਰ।
- ਪਬਿਤਰਾ ਮਾਰਗਰਿਟਾ: ਕੇਂਦਰੀ ਵਿਦੇਸ਼ ਰਾਜ ਮੰਤਰੀ।
ਇਸ ਤੋਂ ਇਲਾਵਾ ਭਾਰਤ ਤੋਂ ਕਈ ਪ੍ਰਮੁੱਖ ਧਾਰਮਿਕ ਆਗੂ ਵੀ ਮਰਹੂਮ ਲੀਡਰ ਨੂੰ ਸ਼ਰਧਾਂਜਲੀ ਦੇਣ ਲਈ ਇਸ ਵਫ਼ਦ ਦੇ ਨਾਲ ਤੇਹਰਾਨ ਪਹੁੰਚੇ ਹਨ। ਇਰਾਨੀ ਦੂਤਾਵਾਸ ਨੇ ਭਾਰਤੀ ਵਫ਼ਦ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਭਾਰਤ ਸਰਕਾਰ ਦਾ ਧੰਨਵਾਦ ਜਤਾਇਆ ਹੈ।
9 ਜੁਲਾਈ ਨੂੰ ਹੋਵੇਗਾ ਅੰਤਿਮ ਸੰਸਕਾਰ
ਅਲੀ ਖਾਮੇਨਈ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਤੇਹਰਾਨ ਵਿੱਚ ਸ਼ੁਰੂ ਹੋ ਚੁੱਕੀਆਂ ਹਨ। ਤੈਅ ਪ੍ਰੋਗਰਾਮ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇਰਾਨ ਅਤੇ ਇਰਾਕ ਦੇ ਵੱਖ-ਵੱਖ ਪਵਿੱਤਰ ਸ਼ਹਿਰਾਂ (ਜਿਵੇਂ ਕਿ ਕੌਮ ਅਤੇ ਕਰਬਲਾ) ਵਿੱਚੋਂ ਲੰਘਾਉਂਦੇ ਹੋਏ ਅੰਤ ਵਿੱਚ 9 ਜੁਲਾਈ ਨੂੰ ਮਸ਼ਹਦ ਵਿਖੇ ਸਪੁਰਦ-ਏ-ਖ਼ਾਕ (ਦਫ਼ਨਾਇਆ) ਕੀਤਾ ਜਾਵੇਗਾ।
ਵਿਸ਼ਵ ਭਰ ਦੇ ਆਗੂ ਪਹੁੰਚ ਰਹੇ ਨੇ ਤੇਹਰਾਨ: ਅਲੀ ਖਾਮੇਨਈ ਨੂੰ ਆਖਰੀ ਵਿਦਾਈ ਦੇਣ ਅਤੇ ਸ਼ਰਧਾਂਜਲੀ ਭੇਟ ਕਰਨ ਲਈ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਰਾਜਨੇਤਾ, ਡਿਪਲੋਮੈਟ ਅਤੇ ਪ੍ਰਮੁੱਖ ਹਸਤੀਆਂ ਇਰਾਨ ਦੀ ਰਾਜਧਾਨੀ ਵਿੱਚ ਇਕੱਠੀਆਂ ਹੋ ਰਹੀਆਂ ਹਨ।
ਇਸ ਦੌਰਾਨ ਤੇਹਰਾਨ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਲੱਖਾਂ ਦੀ ਗਿਣਤੀ ਵਿੱਚ ਸਥਾਨਕ ਲੋਕ ਵੀ ਆਪਣੇ ਮਹਿਬੂਬ ਨੇਤਾ ਨੂੰ ਨਮ ਅੱਖਾਂ ਨਾਲ ਵਿਦਾਈ ਦੇਣ ਲਈ ਸੜਕਾਂ ‘ਤੇ ਉਤਰੇ ਹੋਏ ਹਨ।
Iran #AliKhamenei #Tehran #IndiaIranRelations #SeyedAtaHasnain #PabitraMargherita #InternationalNews #KhameneiFuneral