Skip to main content

thepunjabilink.com

ਆਮ ਤੌਰ ’ਤੇ ਇਨਸਾਨ ਆਪਣੇ ਬੱਚਿਆਂ ਲਈ ਘਰ ਬਣਾਉਂਦਾ ਹੈ, ਪਰ ਮੋਗਾ ਜ਼ਿਲ੍ਹੇ ਦੇ ਪਿੰਡ ਨਿੱਧਾਵਾਲਾ ਦੀ ਮਹਿਲਾ ਹਰਪ੍ਰੀਤ ਕੌਰ ਨੇ ਬੇਜ਼ੁਬਾਨ ਪੰਛੀਆਂ ਲਈ ਆਪਣੇ ਘਰ ਨੂੰ ਹੀ ਆਲ੍ਹਣਿਆਂ ਦੀ ਦੁਨੀਆ ਬਣਾ ਦਿੱਤਾ ਹੈ। ਧੀ ਦੀ ਤਾਘ ਨੂੰ ਮਹਿਸੂਸ ਕਰਦਿਆਂ, ਉਸਨੇ ਚਿੜੀਆਂ ਨੂੰ ਆਪਣੀਆਂ ਧੀਆਂ ਮੰਨ ਲਿਆ ਹੈ। ਅੱਜ ਉਸਦੇ ਘਰ ਵਿੱਚ 300 ਤੋਂ ਵੱਧ ਰਹਿਣ ਬਸੇਰੇ ਹਨ ਜਿੱਥੇ ਹਜ਼ਾਰਾਂ ਪੰਛੀ ਦਾਣਾ ਚੁਗਣ ਅਤੇ ਆਲ੍ਹਣੇ ਬਣਾਉਣ ਆਉਂਦੇ ਹਨ। ਚਿੜੀਆਂ ਦੀ ਚਹਿਕ ਨਾਲ ਉਸਦੀ ਸਵੇਰ ਹੁੰਦੀ ਹੈ ਅਤੇ ਇਨ੍ਹਾਂ ਬੇਜ਼ੁਬਾਨਾਂ ਨਾਲ ਗੱਲਾਂ ਕਰਦਿਆਂ ਉਹ ਆਪਣੇ ਸਾਰੇ ਦੁੱਖ-ਦਰਦ ਭੁੱਲ ਜਾਂਦੀ ਹੈ।

ਇੱਕ ਛੋਟੇ ਡੱਬੇ ਤੋਂ ਸ਼ੁਰੂ ਹੋਇਆ ਸਫ਼ਰ ਪੰਛੀਆਂ ਨਾਲ ਇਹ ਮੁਹੱਬਤ ਕਰੀਬ ਡੇਢ ਦਹਾਕਾ ਪਹਿਲਾਂ ਸ਼ੁਰੂ ਹੋਈ ਸੀ। ਸਾਲ 2010 ਵਿੱਚ ਜਦੋਂ ਉਨ੍ਹਾਂ ਦਾ ਪੁਰਾਣਾ ਘਰ ਢਾਹਿਆ ਜਾ ਰਿਹਾ ਸੀ ਤਾਂ ਇੱਕ ਚਿੜੀ ਦਾ ਆਲ੍ਹਣਾ ਡਿੱਗ ਗਿਆ। ਉਸ ਸਮੇਂ ਹਰਪ੍ਰੀਤ ਨੇ ਜੁੱਤੀਆਂ ਵਾਲੇ ਇੱਕ ਗੱਤੇ ਦੇ ਡੱਬੇ ਨੂੰ ਹੀ ਰਹਿਣ ਬਸੇਰਾ ਬਣਾ ਕੇ ਟੰਗ ਦਿੱਤਾ, ਜਿਸ ਵਿੱਚ ਚਿੜੀ ਨੇ ਮੁੜ ਆਲ੍ਹਣਾ ਪਾ ਲਿਆ। ਉਸੇ ਡੱਬੇ ਤੋਂ ਸ਼ੁਰੂ ਹੋਇਆ ਸਫ਼ਰ ਅੱਜ ਸੈਂਕੜੇ ਆਸ਼ਿਆਨਿਆਂ ਤੱਕ ਪਹੁੰਚ ਚੁੱਕਾ ਹੈ। ਘਰ ਵਿੱਚ ਬੱਚਿਆਂ ਦਾ ਜਨਮਦਿਨ ਹੋਵੇ ਜਾਂ ਵਿਆਹ ਦੀ ਵਰ੍ਹੇਗੰਢ, ਹਰਪ੍ਰੀਤ ਜਸ਼ਨ ਮਨਾਉਣ ਲਈ ਨਵਾਂ ਰਹਿਣ ਬਸੇਰਾ ਲਿਆ ਕੇ ਲਗਾਉਂਦੀ ਹੈ।

ਹਰਪ੍ਰੀਤ ਕੌਰ ਦੇ ਅਹਿਮ ਬੋਲ

  • “ਮੈਨੂੰ ਤਾਂਘ ਸੀ ਕਿ ਵਾਹਿਗੁਰੂ ਮੇਰੇ ਘਰ ਧੀ ਦੀ ਦਾਤ ਬਖਸ਼ੇ, ਪਰ ਅਜਿਹਾ ਨਹੀਂ ਹੋਇਆ। ਹੁਣ ਮੇਰੀਆਂ ਇਹ ਰਾਜਕੁਮਾਰੀਆਂ ਹੀ ਮੇਰੀਆਂ ਧੀਆਂ ਨੇ।”
  • “ਜਦੋਂ ਮੈਂ ਸੀਟੀ ਮਾਰ ਕੇ ਜਾਂ ‘ਮੇਰੀਆਂ ਰਾਜਕੁਮਾਰੀਆਂ, ਮੇਰੇ ਪੁੱਤ ਆਜੋ’ ਕਹਿੰਦੀ ਹਾਂ, ਤਾਂ ਇਹ ਮੇਰੇ ਕੋਲ ਆ ਜਾਂਦੀਆਂ ਨੇ।”
  • “ਜਿਹੜਾ ਇਨਸਾਨ ਇਨ੍ਹਾਂ ਬੇਜ਼ੁਬਾਨ ਪੰਛੀਆਂ ਦੀ ਸੇਵਾ ਕਰਦਾ ਹੈ, ਪਰਮਾਤਮਾ ਉਸ ’ਤੇ ਕਿਰਪਾ ਕਰਦਾ ਹੈ।”

ਵਾਤਾਵਰਨ ਬਚਾਉਣ ਦੀ ਅਪੀਲ ਹਰਪ੍ਰੀਤ ਕੌਰ ਪੁਰਾਤਨ ਪੰਛੀਆਂ ਜਿਵੇਂ ਚਿੜੀਆਂ, ਤੋਤੇ, ਗੁਟਾਰਾਂ, ਮੋਰ ਅਤੇ ਘੁੱਗੀਆਂ ਦੀ ਘਟਦੀ ਗਿਣਤੀ ਨੂੰ ਲੈ ਕੇ ਚਿੰਤਤ ਹੈ। ਉਸਦਾ ਮੰਨਣਾ ਹੈ ਕਿ ਪ੍ਰਦੂਸ਼ਿਤ ਪਾਣੀ, ਫ਼ਸਲਾਂ ’ਤੇ ਕੀਟਨਾਸ਼ਕਾਂ ਦੀ ਵੱਧ ਵਰਤੋਂ ਅਤੇ ਪਰਾਲੀ ਨੂੰ ਲੱਗਦੀ ਅੱਗ ਪੰਛੀਆਂ ਲਈ ਵੱਡਾ ਖ਼ਤਰਾ ਬਣ ਰਹੀ ਹੈ। ਉਸਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਓ ਰਲ-ਮਿਲ ਕੇ ਪੰਛੀਆਂ ਲਈ ਘਰ ਬਣਾਈਏ ਅਤੇ ਦਾਣਾ-ਪਾਣੀ ਰੱਖੀਏ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸਿਰਫ਼ ਕਿਤਾਬਾਂ ਦਾ ਹਿੱਸਾ ਬਣ ਕੇ ਰਹਿ ਜਾਣਗੇ।

HarpreetKaur #Moga #SaveBirds #Sparrows #NatureConservation #PunjabNews