Skip to main content

thepunjabilink.com

ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾਵਾਂ ਦੇ ਵੇਟਲਿਫਟਿੰਗ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਪਟਿਆਲਾ ਦੀ ਧੀ ਹਰਜਿੰਦਰ ਕੌਰ ਦਾ ਅੱਜ ਪਟਿਆਲਾ ਪਹੁੰਚਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਹਰਜਿੰਦਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਰਜਿੰਦਰ ਕੌਰ ਨੇ ਆਪਣੀ ਸਖ਼ਤ ਮਿਹਨਤ, ਦ੍ਰਿੜ ਇਰਾਦੇ ਅਤੇ ਸਮਰਪਣ ਸਦਕਾ ਅੰਤਰਰਾਸ਼ਟਰੀ ਮੰਚ ’ਤੇ ਭਾਰਤ, ਪੰਜਾਬ ਅਤੇ ਪਟਿਆਲਾ ਦਾ ਮਾਣ ਵਧਾਇਆ ਹੈ।

ਨੌਜਵਾਨਾਂ ਲਈ ਪ੍ਰੇਰਨਾ ਸਰੋਤ ਅਤੇ ਰੋਲ ਮਾਡਲ

ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਹਰਜਿੰਦਰ ਕੌਰ ਦੀ ਇਹ ਸਫਲਤਾ ਜ਼ਿਲ੍ਹੇ ਦੇ ਨੌਜਵਾਨਾਂ ਲਈ ਵੱਡੀ ਪ੍ਰੇਰਨਾ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲਗਨ ਅਤੇ ਨਿਰੰਤਰ ਮਿਹਨਤ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰਜਿੰਦਰ ਕੌਰ ਦੀ ਇਸ ਉਪਲਬਧੀ ’ਤੇ ਮਾਣ ਹੈ। ਇਸ ਖਾਸ ਮੌਕੇ ‘ਤੇ ਡੀ.ਸੀ. ਵੱਲੋਂ ਹਰਜਿੰਦਰ ਕੌਰ ਦੇ ਮਾਤਾ-ਪਿਤਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰਜਿੰਦਰ ਕੌਰ ਦੀ ਇਸ ਇਤਿਹਾਸਕ ਦੇਣ ਅਤੇ ਮਾਣ ਨੂੰ ਦਰਸਾਉਂਦੇ ਹੋਏ ਉਸਦੀ ਤਸਵੀਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ‘ਵਾਲ ਆਫ ਫੇਮ’ (Wall of Fame) ਉੱਤੇ ਵੀ ਲਗਾਈ ਗਈ ਹੈ।

“ਇਹ ਪਿਆਰ ਤੇ ਸਨਮਾਨ ਮੈਨੂੰ ਭਵਿੱਖ ‘ਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ। ਮੈਂ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਦੇਸ਼ ਲਈ ਹੋਰ ਤਗਮੇ ਜਿੱਤਣ ਦਾ ਪੂਰਾ ਯਤਨ ਕਰਾਂਗੀ।”

ਹਰਜਿੰਦਰ ਕੌਰ (ਵੇਟਲਿਫਟਰ)

ਪਰਿਵਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਰਹੇ ਮੌਜੂਦ

ਇਸ ਮੌਕੇ ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ, ਭਰਾ ਪ੍ਰਿਤਪਾਲ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ, ਸਕੱਤਰ ਰੈਡ ਕਰਾਸ ਸੁਸਾਇਟੀ ਡਾ. ਪ੍ਰਿਤਪਾਲ ਸਿੰਘ, ਵੱਡੀ ਗਿਣਤੀ ‘ਚ ਖੇਡ ਪ੍ਰੇਮੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਪ੍ਰਮੁੱਖ ਅਧਿਕਾਰੀ ਵੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਹਰਜਿੰਦਰ ਕੌਰ ਨੇ 69 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਰਾਸ਼ਟਰਮੰਡਲ ਖੇਡਾਂ 2022 ਵਿੱਚ 71 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਮ ਕਰ ਚੁੱਕੀ ਹੈ।

#HarjinderKaur #Weightlifting #PatialaNews #PunjabSports #CommonwealthGames #DCPatiala #DrHimanshuAggarwal #PunjabPride #IndianSports #PatialaDiDhee #WallOfFame #PunjabiNews