
ਗੁਰਦੁਆਰਾ ਗੁਰੂ ਨਾਨਕ ਗਰੀਬ ਨਿਵਾਜ਼, ਸਾਊਥਾਲ ਵਿਖੇ ਅਫ਼ਗ਼ਾਨਿਸਤਾਨ ਦੀ ਕਾਬੁਲੀ ਸਿੱਖ ਸੰਗਤ ਵੱਲੋਂ ਖ਼ਾਲਸਾ ਪੰਥ ਦੇ ਸਹਿਯੋਗ ਨਾਲ 27ਵਾਂ ਸਲਾਨਾ ਗੁਰਮਤਿ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜਾਏ ਗਏ ਇਸ ਰੂਹਾਨੀ ਸਮਾਗਮ ਦੌਰਾਨ ਗੁਰਮਤਿ ਵਿਚਾਰਾਂ ਅਤੇ ਇਤਿਹਾਸਿਕ ਪ੍ਰਸੰਗਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਨੌਜਵਾਨ ਪੀੜ੍ਹੀ ਨੂੰ ਸਾਬਤ-ਸੂਰਤ ਰਹਿ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ ਗਿਆ।
ਮਾਪਿਆਂ ਨੂੰ ਵਿਰਸੇ ਨਾਲ ਜੁੜਨ ਦਾ ਸੁਨੇਹਾ ਸਮਾਗਮ ਦੌਰਾਨ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਸਮੇਂ-ਸਮੇਂ ‘ਤੇ ਪੰਜਾਬ ਲੈ ਕੇ ਜਾਣ। ਵਿਸਾਖੀ ਅਤੇ ਹੋਲਾ ਮਹੱਲਾ ਵਰਗੇ ਖ਼ਾਲਸਈ ਤਿਉਹਾਰਾਂ ਦੌਰਾਨ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਹੋਈਏ, ਪਰ ਸਾਡਾ ਮੂਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਜੁੜਿਆ ਹੋਇਆ ਹੈ।
ਸੰਗਤਾਂ ਵਿੱਚ ਭਾਰੀ ਉਤਸ਼ਾਹ ਵਿਦੇਸ਼ ਦੀ ਧਰਤੀ ‘ਤੇ ਵਸਦੇ ਹੋਏ ਵੀ ਸੰਗਤਾਂ ਵਿੱਚ ਆਪਣੀ ਮਿੱਟੀ ਅਤੇ ਧਰਮ ਪ੍ਰਤੀ ਅਥਾਹ ਪਿਆਰ ਦੇਖਣ ਨੂੰ ਮਿਲਿਆ। ਜੈਕਾਰਿਆਂ ਦੀ ਗੂੰਜ ਨਾਲ ਪੂਰਾ ਵਾਤਾਵਰਣ ਭਗਤੀਮਈ ਹੋ ਗਿਆ। ਖਾਸ ਕਰਕੇ ਨੌਜਵਾਨਾਂ ਵਿੱਚ ਇਸ ਸਮਾਗਮ ਪ੍ਰਤੀ ਭਾਰੀ ਉਤਸ਼ਾਹ ਵੇਖਿਆ ਗਿਆ।
ਇਸ ਸਮਾਗਮ ਦੀ ਸਫ਼ਲਤਾ ਲਈ ਜਥੇਦਾਰ ਗਜਿੰਦਰ ਸਿੰਘ ਅਤੇ ਸਮੁੱਚੀ ਕਾਬੁਲੀ ਸਿੱਖ ਸੰਗਤ ਵੱਲੋਂ ਨਿਭਾਈ ਗਈ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ। ਅਰਦਾਸ ਕੀਤੀ ਗਈ ਕਿ ਸੱਚੇ ਪਾਤਸ਼ਾਹ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ‘ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਸਮੁੱਚੀ ਸੰਗਤ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
GurmatSamagam #Southall #UKSikhs #KabuliSikhSangat #KhalsaPanth