Skip to main content

thepunjabilink.com

ਪੰਜਾਬ ਕਾਂਗਰਸ ਅੰਦਰਲੀ ਸਿਆਸੀ ਖਿੱਚੋਤਾਣ ਇੱਕ ਵਾਰ ਫਿਰ ਸਿਖਰਾਂ ‘ਤੇ ਪਹੁੰਚ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕਾਂਗਰਸ ਹਾਈਕਮਾਨ ਨੂੰ ਵੱਡਾ ਝਟਕਾ ਦੇ ਸਕਦੇ ਹਨ। ਚੰਨੀ ਧੜੇ ਨਾਲ ਜੁੜੇ ਸੂਤਰਾਂ ਮੁਤਾਬਕ, ਉਹ ਜਲਦ ਹੀ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਣਾਈ ਗਈ ਪ੍ਰਚਾਰ ਕਮੇਟੀ (Campaign Committee) ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਇਹ ਪੂਰੀ ਸਥਿਤੀ ਦਿੱਲੀ ਵਿਖੇ ਹੋਈ ਦੋ ਦਿਨਾਂ ਹਾਈਕਮਾਨ ਮੀਟਿੰਗ ਤੋਂ ਬਾਅਦ ਬਣੀ ਹੈ।

ਭੁਪੇਸ਼ ਬਘੇਲ ਨੂੰ ਦਿੱਤੀ ਚੇਤਾਵਨੀ: ‘ਰਾਜਾ ਵੜਿੰਗ ਦੀ ਅਗਵਾਈ ‘ਚ ਚੋਣਾਂ ਜਿੱਤਣਾ ਅਸੰਭਵ’

ਮੀਟਿੰਗ ਵਿੱਚ ਮੌਜੂਦ ਆਗੂਆਂ ਅਨੁਸਾਰ ਕੇ. ਸੀ. ਵੇਣੂਗੋਪਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਚੰਨੀ ਧੜੇ ਨੇ ਇੱਕ ਵਾਰ ਫਿਰ ਬਾਗ਼ੀ ਰੁਖ਼ ਅਪਣਾਇਆ। ਚਰਨਜੀਤ ਚੰਨੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ 2027 ਦੀਆਂ ਚੋਣਾਂ ਨਹੀਂ ਜਿੱਤ ਸਕਦੀ। ਚੰਨੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਵੜਿੰਗ ਨੂੰ ਪ੍ਰਧਾਨ ਅਹੁਦੇ ‘ਤੇ ਬਰਕਰਾਰ ਰੱਖਿਆ ਜਾਂਦਾ ਹੈ, ਤਾਂ ਚੋਣਾਂ ਵਿੱਚ ਜਿੱਤ ਜਾਂ ਹਾਰ ਦੀ ਪੂਰੀ ਜ਼ਿੰਮੇਵਾਰੀ ਹਾਈਕਮਾਨ ਦੀ ਹੋਵੇਗੀ।

ਕੇ. ਸੀ. ਵੇਣੂਗੋਪਾਲ ਨਾਲ ਤਲਖ਼-ਕਲਾਮੀ ਤੋਂ ਬਾਅਦ ਅਸਤੀਫ਼ੇ ਦੀ ਪੇਸ਼ਕਸ਼

ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਦੌਰਾਨ ਤਣਾਅ ਉਸ ਵੇਲੇ ਹੋਰ ਵਧ ਗਿਆ ਜਦੋਂ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਚੰਨੀ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਟੋਕਦਿਆਂ ਕਿਹਾ, “ਪਾਰਟੀ ਨੇ ਤੁਹਾਨੂੰ ਇੰਨੇ ਮਹੱਤਵਪੂਰਨ ਅਹੁਦੇ ਦਿੱਤੇ ਹਨ, ਫਿਰ ਵੀ ਤੁਸੀਂ ਸਹਿਯੋਗ ਕਰਨ ਲਈ ਤਿਆਰ ਨਹੀਂ ਹੋ।”

ਇਸ ਦਾ ਤੁਰੰਤ ਜਵਾਬ ਦਿੰਦਿਆਂ ਚੰਨੀ ਨੇ ਕਿਹਾ ਕਿ ਜੇਕਰ ਹਾਈਕਮਾਨ ਨੂੰ ਅਜਿਹਾ ਲੱਗਦਾ ਹੈ, ਤਾਂ ਉਹ ਪ੍ਰਚਾਰ ਕਮੇਟੀ ਦੇ ਚੇਅਰਮੈਨ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹਨ।

‘ਰਾਜਾ ਵੜਿੰਗ ਹੀ ਰਹਿਣਗੇ ਪ੍ਰਧਾਨ’ – ਹਾਈਕਮਾਨ ਦਾ ਰੁਖ਼ ਸਾਫ਼

ਦਿੱਲੀ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸ਼ੁਰੂ ਵਿੱਚ ਚੁੱਪ ਰਹੇ, ਪਰ ਜਦੋਂ ਚੰਨੀ ਧੜੇ ਨੇ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਤਾਂ ਵੜਿੰਗ ਨੇ ਵੀ ਐਲਾਨ ਕਰ ਦਿੱਤਾ ਕਿ ਜੇਕਰ ਆਗੂਆਂ ਨੂੰ ਉਨ੍ਹਾਂ ਦੀ ਅਗਵਾਈ ਤੋਂ ਕੋਈ ਸਮੱਸਿਆ ਹੈ ਤਾਂ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ।

ਹਾਲਾਂਕਿ, ਕੇ. ਸੀ. ਵੇਣੂਗੋਪਾਲ ਨੇ ਵਿਚਾਲੇ ਪੈ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਸਪੱਸ਼ਟ ਕੀਤਾ ਕਿ ਰਾਜਾ ਵੜਿੰਗ ਨੂੰ ਹਾਈਕਮਾਨ ਨੇ ਪ੍ਰਧਾਨ ਬਣਾਇਆ ਹੈ ਅਤੇ ਉਹ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ।

#CharanjitSinghChanni #Channi #RajaWarring #AmarinderSinghRajaWarring #KCVenugopal #RahulGandhi