
ਸਰੀ (ਕੈਨੇਡਾ): ਕੈਨੇਡਾ ਦੇ ਸਰੀ (Surrey) ਸ਼ਹਿਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਰਵਰੀ 2026 ਵਿੱਚ ਹੋਈ ਗੋਲੀਬਾਰੀ ਅਤੇ ਜਬਰਨ ਉਗਰਾਹੀ (Extortion) ਦੇ ਮਾਮਲੇ ਵਿੱਚ ਸਰੀ ਦੀ ਪ੍ਰੋਵਿੰਸ਼ੀਅਲ ਅਦਾਲਤ ਨੇ 3 ਪੰਜਾਬੀ ਨੌਜਵਾਨਾਂ ਨੂੰ ਸਖ਼ਤ ਸਜ਼ਾਵਾਂ ਸੁਣਾਈਆਂ ਹਨ। ਅਦਾਲਤ ਵਿੱਚ ਸੁਣਵਾਈ ਦੌਰਾਨ ਤਿੰਨਾਂ ਨੌਜਵਾਨਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਨੌਜਵਾਨ ਵਿਦੇਸ਼ੀ ਨਾਗਰਿਕ ਹਨ, ਜਿਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਕੈਨੇਡਾ ਤੋਂ ਡਿਪੋਰਟ (ਦੇਸ਼ ਨਿਕਾਲਾ) ਕਰ ਦਿੱਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ 1 ਫਰਵਰੀ 2026 ਦਾ ਹੈ, ਜਦੋਂ ਸਰੀ ਦੇ ਕ੍ਰੀਸੈਂਟ ਬੀਚ (Crescent Beach) ਇਲਾਕੇ ਵਿੱਚ ਤੜਕੇ ਕਰੀਬ 3:50 ਵਜੇ ਇੱਕ ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ ਅਤੇ ਉੱਥੇ ਇੱਕ ਧਮਾਕਾਖੇਜ਼ ਸਮੱਗਰੀ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਤਿੰਨੋਂ ਮੁਲਜ਼ਮ ਇੱਕ ਰਾਈਡ-ਸ਼ੇਅਰ (ਕੈਬ) ਗੱਡੀ ਰਾਹੀਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸਰੀ ਪੁਲਿਸ ਸਰਵਿਸ (SPS) ਦੇ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਇਨ੍ਹਾਂ ਨੂੰ ਤੁਰੰਤ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ।
ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਦਾ ਵੇਰਵਾ:
ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਗੁਨਾਹ ਦੇ ਹਿਸਾਬ ਨਾਲ ਹੇਠ ਲਿਖੇ ਅਨੁਸਾਰ ਸਜ਼ਾ ਸੁਣਾਈ ਹੈ:
- ਤਰਨਵੀਰ ਸਿੰਘ (19 ਸਾਲ): ਲਾਪਰਵਾਹੀ ਨਾਲ ਫਾਇਰਿੰਗ ਕਰਨ ਦੇ ਦੋਸ਼ ਹੇਠ ਅਦਾਲਤ ਨੇ ਇਸ ਨੌਜਵਾਨ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
- ਦਿਆਆਜੀਤ ਸਿੰਘ ਬਿੰਲਿੰਗ (21 ਸਾਲ): ਧਮਾਕਾਖੇਜ਼ ਸਮੱਗਰੀ ਸੁੱਟਣ ਦੇ ਦੋਸ਼ ਹੇਠ 27 ਮਹੀਨੇ (ਸਵਾ 2 ਸਾਲ ਤੋਂ ਵੱਧ) ਕੈਦ ਦੀ ਸਜ਼ਾ ਸੁਣਾਈ ਗਈ ਹੈ।
- ਹਰਜੋਤ ਸਿੰਘ (21 ਸਾਲ): ਇਸ ਮਾਮਲੇ ਵਿੱਚ ਸ਼ਾਮਲ ਤੀਜੇ ਨੌਜਵਾਨ ਨੂੰ 25 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸਜ਼ਾ ਤੋਂ ਬਾਅਦ ਕੀਤਾ ਜਾਵੇਗਾ ਡਿਪੋਰਟ
ਸਰੀ ਪੁਲਿਸ ਮੁਤਾਬਕ ਇਹ ਤਿੰਨੋਂ ਨੌਜਵਾਨ ਕੈਨੇਡਾ ਵਿੱਚ ਪੱਕੇ ਨਾਗਰਿਕ ਨਹੀਂ ਹਨ ਬਲਕਿ ਵਿਦੇਸ਼ੀ ਨਾਗਰਿਕ ਵਜੋਂ ਉੱਥੇ ਰਹਿ ਰਹੇ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੀ ਹੈ। ਅਦਾਲਤ ਦੇ ਹੁਕਮਾਂ ਮੁਤਾਬਕ, ਜੇਲ੍ਹ ਵਿੱਚ ਆਪਣੀ ਸਜ਼ਾ ਦੀ ਮਿਆਦ ਪੂਰੀ ਕਰਨ ਤੋਂ ਤੁਰੰਤ ਬਾਅਦ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਕੈਨੇਡਾ ਤੋਂ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ।
ਸਰੀ ਪੁਲਿਸ ਸਰਵਿਸ (SPS) ਦੇ ਅਧਿਕਾਰੀਆਂ ਮੁਤਾਬਕ ਇਲਾਕੇ ਵਿੱਚ ਚੱਲ ਰਹੇ ਜਬਰਨ ਉਗਰਾਹੀ (ਐਕਸਟੌਰਸ਼ਨ) ਦੇ ਮੁੱਦੇ ‘ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਸਖ਼ਤ ਕਾਰਵਾਈ ਤਹਿਤ ਇਹ ਪਹਿਲੀਆਂ ਵੱਡੀਆਂ ਸਜ਼ਾਵਾਂ ਹਨ। ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।
#CanadaNews #SurreyShooting #PunjabiYouth #CanadaDeportation #SurreyCourt #PunjabiNews #BreakingNews #CanadaPunjabi #SurreyPolice #NRINews