
ਹਲਕਾ ਮਜੀਠਾ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਮਜੀਠਾ ਵਿਖੇ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਲੱਗੇ ਕੁਝ ਵਿਸ਼ੇਸ਼ ਹੋਰਡਿੰਗਜ਼ ਇਸ ਵੇਲੇ ਇਲਾਕੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਮਜੀਠਾ ਵਾਸੀਆਂ ਵੱਲੋਂ ਲਗਾਏ ਗਏ ਇਹਨਾਂ ਹੋਰਡਿੰਗਜ਼ ਰਾਹੀਂ ਜਿੱਥੇ ਬਿਕਰਮ ਮਜੀਠੀਆ ਪ੍ਰਤੀ ਆਪਣੇ ਪਿਆਰ ਅਤੇ ਵਫ਼ਾਦਾਰੀ ਦਾ ਪ੍ਰਗਟਾਵਾ ਕੀਤਾ ਗਿਆ ਹੈ, ਉੱਥੇ ਹੀ ਵਿਰੋਧੀਆਂ ‘ਤੇ ਤਿੱਖੇ ਸਿਆਸੀ ਤੰਜ਼ ਵੀ ਕੱਸੇ ਗਏ ਹਨ।
‘ਰੰਗੇ ਬਿੱਲੇ ਨੂੰ ਕਹਿ ਦਿਓ, ਟਾਈਗਰ ਅਭੀ ਜ਼ਿੰਦਾ ਹੈ’
ਸ਼ਹਿਰ ਦੇ ਮੁੱਖ ਚੌਕਾਂ ਅਤੇ ਬਜ਼ਾਰਾਂ ਵਿੱਚ ਲੱਗੇ ਇਹਨਾਂ ਬੋਰਡਾਂ ‘ਤੇ ਫਿਲਮੀ ਅੰਦਾਜ਼ ਵਿੱਚ ਲਿਖਿਆ ਗਿਆ ਹੈ— “ਰੰਗੇ ਬਿੱਲੇ ਨੂੰ ਕਹਿ ਦਿਓ, ਟਾਈਗਰ ਅਭੀ ਜ਼ਿੰਦਾ ਹੈ।” ਇਹ ਸਲੋਗਨ ਸੋਸ਼ਲ ਮੀਡੀਆ ‘ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਸ ਨਾਅਰੇ ਰਾਹੀਂ ਸਿੱਧੇ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੂੰ ਨਿਸ਼ਾਨੇ ‘ਤੇ ਲਿਆ ਗਿਆ ਹੈ।
ਮਜੀਠਾ ਵਾਸੀਆਂ ਨੇ ਜਤਾਇਆ ਮਜੀਠੀਆ ਨਾਲ ਪਿਆਰ
ਸਥਾਨਕ ਲੋਕਾਂ ਅਤੇ ਅਕਾਲੀ ਸਮਰਥਕਾਂ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਹਮੇਸ਼ਾ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਥ ਦਿੱਤਾ ਹੈ। ਵਿਰੋਧੀ ਪਾਰਟੀਆਂ ਵੱਲੋਂ ਭਾਵੇਂ ਜਿੰਨਾ ਮਰਜ਼ੀ ਸਿਆਸੀ ਨਿਸ਼ਾਨਾ ਬਣਾਇਆ ਜਾਵੇ, ਪਰ ਮਜੀਠਾ ਦੇ ਲੋਕ ਅੱਜ ਵੀ ਚਟਾਨ ਵਾਂਗ ਮਜੀਠੀਆ ਪਰਿਵਾਰ ਦੇ ਨਾਲ ਖੜ੍ਹੇ ਹਨ।
“ਇਹ ਹੋਰਡਿੰਗਜ਼ ਵਿਰੋਧੀਆਂ ਲਈ ਇੱਕ ਸਪੱਸ਼ਟ ਸੁਨੇਹਾ ਹਨ ਕਿ ਮਜੀਠਾ ਵਿੱਚ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਦਾ ਆਧਾਰ ਅਜੇ ਵੀ ਬੇਹੱਦ ਮਜ਼ਬੂਤ ਹੈ।” – ਸਥਾਨਕ ਸਮਰਥਕ
ਸਿਆਸੀ ਹਲਕਿਆਂ ‘ਚ ਚਰਚਾ ਤੇਜ਼
ਇਨ੍ਹਾਂ ਹੋਰਡਿੰਗਜ਼ ਦੇ ਲੱਗਣ ਤੋਂ ਬਾਅਦ ਹਲਕੇ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਅਤੇ ਹਲਕਾ ਇੰਚਾਰਜ ਤਲਬੀਰ ਗਿੱਲ ਵੱਲੋਂ ਇਸ ਸਿਆਸੀ ਤੰਜ਼ ਦਾ ਕੀ ਜਵਾਬ ਦਿੱਤਾ ਜਾਂਦਾ ਹੈ।
BikramMajithia #MajithaNews #TigerAbhiZindaHai #BhagwantMann #TalbirGill #ShiromaniAkali Dal #AAPPunjab #PunjabPolitics #Majitha #PunjabNews