
ਭਵਾਨੀਗੜ੍ਹ ਦਿੱਲੀ-ਕਟੜਾ ਐਕਸਪ੍ਰੈਸ ਵੇਅ ‘ਤੇ ਬੀਤੀ ਦੇਰ ਰਾਤ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਫੱਗੂਵਾਲਾ ਨੇੜੇ ਸੜਕ ਕਿਨਾਰੇ ਖਰਾਬ ਹਾਲਤ ਵਿੱਚ ਖੜ੍ਹੇ ਇੱਕ ਟਰੱਕ ਦੇ ਪਿੱਛੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ 27 ਸਾਲਾ ਨੌਜਵਾਨ ਅਤੇ ਇੱਕ 16 ਸਾਲਾ ਨਾਬਾਲਗ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਲੜਕੀ ਗੰਭੀਰ ਜ਼ਖਮੀ ਹੋ ਗਈ।
ਕਾਰ ਦੇ ਉੱਡੇ ਪਰਖੱਚੇ, ਹਾਈਡਰਾ ਮਸ਼ੀਨ ਨਾਲ ਕੱਢੀਆਂ ਲਾਸ਼ਾਂ
ਮਿਲੀ ਜਾਣਕਾਰੀ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਟਰੱਕ ਦੇ ਹੇਠਾਂ ਬੁਰੀ ਤਰ੍ਹਾਂ ਫਸ ਗਈ ਅਤੇ ਉਸ ਦੇ ਪਰਖੱਚੇ ਉੱਡ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (SSF) ਦੇ ਮੁਲਾਜ਼ਮ ਅਤੇ ਰਾਹਤ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਕਾਰ ਦੀ ਹਾਲਤ ਇੰਨੀ ਖਰਾਬ ਸੀ ਕਿ ਮ੍ਰਿਤਕਾਂ ਅਤੇ ਜ਼ਖਮੀ ਲੜਕੀ ਨੂੰ ਬਾਹਰ ਕੱਢਣ ਲਈ ਭਾਰੀ ਮਸ਼ੱਕਤ ਕਰਨੀ ਪਈ ਅਤੇ ਹਾਈਡਰਾ ਮਸ਼ੀਨ ਦੀ ਮਦਦ ਲੈਣੀ ਪਈ।
ਦਿੱਲੀ ਤੋਂ ਜੰਮੂ ਘੁੰਮਣ ਜਾ ਰਿਹਾ ਸੀ ਪਰਿਵਾਰ
ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ ਨੌਜਵਾਨ ਅਤੇ ਦੋਵੇਂ ਭੈਣਾਂ ਦਿੱਲੀ ਤੋਂ ਜੰਮੂ ਘੁੰਮਣ ਲਈ ਨਿਕਲੇ ਸਨ। ਪਰ ਕਿਸੇ ਨੂੰ ਕੀ ਪਤਾ ਸੀ ਕਿ ਰਸਤੇ ਵਿੱਚ ਮੌਤ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਹੈ।
ਰਾਹਤ ਟੀਮ ਨੇ ਕਾਰ ਵਿੱਚ ਫਸੀ 21 ਸਾਲਾ ਸਾਨੀਆ ਪੁੱਤਰੀ ਮੁਹੰਮਦ ਅਸਫਾਕ (ਵਾਸੀ ਦਿੱਲੀ) ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਪਰ ਉਸ ਦੀ 16 ਸਾਲਾ ਛੋਟੀ ਭੈਣ ਮਾਹਿਰਾ ਅਤੇ ਕਾਰ ਚਾਲਕ ਪ੍ਰਿੰਸ ਕੁਮਾਰ (27) ਪੁੱਤਰ ਗੌਤਮ ਬੁੱਧ ਨਗਰ (ਯੂ.ਪੀ.) ਦੀ ਜਾਨ ਨਹੀਂ ਬਚਾਈ ਜਾ ਸਕੀ।
ਪੁਲਿਸ ਦੀ ਕਾਰਵਾਈ: ਉੱਧਰ, ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਲੜਕੀ ਸਾਨੀਆ ਇਸ ਵੇਲੇ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ।
Bhawanigarh #RoadAccident #PunjabNews #ExpresswayAccident #TragicIncident #DelhiKatraExpressway #PunjabPolice #RoadSafety