
ਚੰਡੀਗੜ੍ਹ/ਰਾਜਪੁਰਾ: ਮੁੱਖ ਮੰਤਰੀ ਭਗਵੰਤ ਮਾਨ ਦੇ ਵਿਦੇਸ਼ੀ ਦੌਰੇ ਦੇ ਸਾਰਥਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਵਿਸ਼ਵ ਪ੍ਰਸਿੱਧ ਚੌਲ ਬ੍ਰੈਂਡ ‘ਦਾਵਤ’ (LT Foods) ਦੇ ਮਾਲਕ ਅਰੋੜਾ ਪਰਿਵਾਰ ਨੇ ਪੰਜਾਬ ਵਿੱਚ ਵੱਡਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਚੇਅਰਮੈਨ ਵਿਜੈ ਅਰੋੜਾ ਨੇ ਇਸ ਨਿਵੇਸ਼ ਲਈ ਰਾਜਪੁਰਾ ਨੂੰ ਸ਼ਾਰਟਲਿਸਟ ਕੀਤਾ ਹੈ, ਜਿੱਥੇ ਕੰਪਨੀ ਆਪਣਾ ਨਵਾਂ ਪ੍ਰੋਜੈਕਟ ਸਥਾਪਿਤ ਕਰੇਗੀ।
ਦੁਨੀਆ ਦੇ 80 ਦੇਸ਼ਾਂ ‘ਚ ਪਹੁੰਚ ਹੈ ‘ਦਾਵਤ’ ਦੀ ਦੱਸਣਯੋਗ ਹੈ ਕਿ ਦਾਵਤ ਰਾਈਸ ਵੱਲੋਂ ਦੁਨੀਆ ਦੇ ਲਗਭਗ 80 ਦੇਸ਼ਾਂ ਵਿੱਚ ਚੌਲਾਂ ਦੀ ਸਪਲਾਈ ਕੀਤੀ ਜਾਂਦੀ ਹੈ। ਨੀਦਰਲੈਂਡ ਦੇ ਰੋਟਰਡਮ ਵਿਖੇ ਕੰਪਨੀ ਦੇ ਅਤਿ-ਆਧੁਨਿਕ ਪਲਾਂਟ ਦਾ ਦੌਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਨਿਵੇਸ਼ ਨਾ ਸਿਰਫ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰੇਗਾ, ਸਗੋਂ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਵੀ ਖੋਲ੍ਹੇਗਾ।
ਬਾਸਮਤੀ ਲਈ ਬਣੇਗਾ ‘ਸੈਂਟਰ ਆਫ ਐਕਸੀਲੈਂਸ’ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਅਸੀਂ ਪੰਜਾਬ ਦੀ ਬਾਸਮਤੀ ਨੂੰ ਕੌਮਾਂਤਰੀ ਪੱਧਰ ‘ਤੇ ਹੋਰ ਉਤਸ਼ਾਹਿਤ ਕਰਨ ਲਈ ਅਰੋੜਾ ਪਰਿਵਾਰ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਹੈ। LT Foods ਪੰਜਾਬ ਵਿੱਚ ਬਾਸਮਤੀ ਲਈ ਇੱਕ ‘ਸੈਂਟਰ ਆਫ ਐਕਸੀਲੈਂਸ’ ਸਥਾਪਿਤ ਕਰਨ ਲਈ ਸਹਿਮਤ ਹੋ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਨਿਕਲਣ ਅਤੇ ਘੱਟ ਕੀਟਨਾਸ਼ਕਾਂ ਵਾਲੀ ਉੱਚ-ਗੁਣਵੱਤਾ ਵਾਲੀ ਬਾਸਮਤੀ ਪੈਦਾ ਕਰਨ ਵਿੱਚ ਮਦਦ ਮਿਲੇਗੀ।”