
ਬਾਬਾ ਬਕਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਭਲੋਜਲਾ ਤੋਂ ਇੱਕ ਬੇਹੱਦ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਦਰਿਆ ਦੇ ਤੇਜ਼ ਬਹਾਅ ਵਿੱਚ ਦੋ ਸਕੇ ਭਰਾ ਲਾਪਤਾ ਹੋ ਗਏ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਮੌਕੇ ‘ਤੇ ਮੌਜੂਦ ਹਨ, ਜਦਕਿ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਟੀਮ ਲਗਾਤਾਰ ਦੋਵਾਂ ਭਰਾਵਾਂ ਦੀ ਭਾਲ ਵਿੱਚ ਜੁਟੀ ਹੋਈ ਹੈ। ਪਰਿਵਾਰ ਨੂੰ ਅਜੇ ਵੀ ਉਮੀਦ ਹੈ ਕਿ ਉਨ੍ਹਾਂ ਦੇ ਬੱਚੇ ਜਲਦ ਹੀ ਸਹੀ-ਸਲਾਮਤ ਮਿਲ ਜਾਣਗੇ।
ਨਵੇਂ ਮਕਾਨ ਦਾ ਮਹੂਰਤ ਹੋਇਆ ਸੀ, ਵੱਡੇ ਭਰਾ ਨੇ ਜਾਣਾ ਸੀ ਵਿਦੇਸ਼
ਜਾਣਕਾਰੀ ਅਨੁਸਾਰ ਲਾਪਤਾ ਹੋਏ ਦੋਵਾਂ ਭਰਾਵਾਂ ਦੀ ਪਛਾਣ 17 ਸਾਲਾ ਸੁਖਰਾਜ ਸਿੰਘ ਅਤੇ 18 ਸਾਲਾ ਪ੍ਰਿੰਸ ਰਾਜਾ ਵਜੋਂ ਹੋਈ ਹੈ। ਸੁਖਰਾਜ ਸਿੰਘ ਸਿੱਖ ਸਰੂਪ ਵਿੱਚ ਸੀ ਅਤੇ ਧਾਰਮਿਕ ਪਾਠ ਕਰਦਾ ਸੀ, ਜਦਕਿ ਉਸ ਦਾ ਵੱਡਾ ਭਰਾ ਪ੍ਰਿੰਸ ਰਾਜਾ ਦਿਹਾੜੀ-ਮਜ਼ਦੂਰੀ ਕਰਦਾ ਸੀ। ਪਰਿਵਾਰ ਮੁਤਾਬਕ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਨਵੇਂ ਮਕਾਨ ਦਾ ਮਹੂਰਤ ਹੋਇਆ ਸੀ ਅਤੇ ਵੱਡੇ ਪੁੱਤਰ ਦੀ ਵਿਦੇਸ਼ ਜਾਣ ਦੀ ਤਿਆਰੀ ਵੀ ਚੱਲ ਰਹੀ ਸੀ। ਇਸੇ ਖੁਸ਼ੀ ਦੇ ਮੌਕੇ ‘ਤੇ ਰਿਸ਼ਤੇਦਾਰ ਵੀ ਘਰ ਆਏ ਹੋਏ ਸਨ।
ਇੱਕ-ਦੂਜੇ ਨੂੰ ਬਚਾਉਂਦੇ ਹੋਏ ਹੋਏ ਓਹਲੇ
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਦਰਿਆ ਦੇਖਣ ਗਏ ਸਨ। ਇਸੇ ਦੌਰਾਨ ਅਚਾਨਕ ਇੱਕ ਭਰਾ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬਣ ਲੱਗਾ। ਉਸ ਨੂੰ ਬਚਾਉਣ ਲਈ ਦੂਜੇ ਭਰਾ ਨੇ ਬਿਨਾਂ ਦੇਰੀ ਕੀਤੇ ਦਰਿਆ ਵਿੱਚ ਛਾਲ ਮਾਰ ਦਿੱਤੀ, ਪਰ ਪਾਣੀ ਦਾ ਬਹਾਅ ਤੇਜ਼ ਹੋਣ ਕਾਰਨ ਦੋਵੇਂ ਹੀ ਰੁੜ੍ਹ ਗਏ ਅਤੇ ਦੇਖਦੇ ਹੀ ਦੇਖਦੇ ਅੱਖਾਂ ਤੋਂ ਓਹਲੇ ਹੋ ਗਏ।
ਬੁੱਧਵਾਰ ਸਵੇਰ ਤੋਂ ਦੁਬਾਰਾ ਸਰਚ ਆਪ੍ਰੇਸ਼ਨ ਸ਼ੁਰੂ
ਘਟਨਾ ਦੀ ਸੂਚਨਾ ਮੰਗਲਵਾਰ ਸ਼ਾਮ ਕਰੀਬ সাਢੇ ਚਾਰ ਵਜੇ ਪ੍ਰਸ਼ਾਸਨ ਅਤੇ ਗੋਤਾਖੋਰਾਂ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਸਥਾਨਕ ਲੋਕ ਵੀ ਮੌਕੇ ‘ਤੇ ਪਹੁੰਚ ਗਏ ਅਤੇ ਆਪਣੇ ਪੱਧਰ ‘ਤੇ ਕਾਫੀ ਦੇਰ ਤੱਕ ਭਾਲ ਕੀਤੀ, ਪਰ ਦੋਵਾਂ ਭਰਾਵਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਹਨੇਰਾ ਹੋਣ ਕਾਰਨ ਬਚਾਅ ਕਾਰਜ (ਰੇਸਕਿਊ ਆਪ੍ਰੇਸ਼ਨ) ਨੂੰ ਅਸਥਾਈ ਤੌਰ ‘ਤੇ ਰੋਕਣਾ ਪਿਆ, ਜਿਸ ਤੋਂ ਬਾਅਦ ਬੁੱਧਵਾਰ ਸਵੇਰੇ ਗੋਤਾਖੋਰਾਂ ਨੇ ਦੁਬਾਰਾ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਫਿਲਹਾਲ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਦਰਿਆ ਵਿੱਚ ਲਗਾਤਾਰ ਖੋਜ ਅਭਿਆਨ ਚਲਾਇਆ ਜਾ ਰਿਹਾ ਹੈ।
ਲਾਪਤਾ ਭਰਾਵਾਂ ਦੇ ਚਾਚਾ ਗੱਜਣ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਆਪਣੇ ਪੱਧਰ ‘ਤੇ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਦੋਵਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਜਿਵੇਂ ਹੀ ਘਰ ਦੇ ਦੂਜੇ ਬੱਚਿਆਂ ਨੇ ਘਟਨਾ ਦੀ ਜਾਣਕਾਰੀ ਦਿੱਤੀ, ਪੂਰਾ ਪਰਿਵਾਰ ਘਟਨਾ ਸਥਾਨ ‘ਤੇ ਪਹੁੰਚ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਭਰਾ ਬੇਹੱਦ ਮਿਲਣਸਾਰ ਤੇ ਮਿਹਨਤੀ ਸਨ ਅਤੇ ਪਰਿਵਾਰ ਦੀਆਂ ਉਮੀਦਾਂ ਦਾ ਸਹਾਰਾ ਸਨ।
ਫਿਲਹਾਲ ਪਿੰਡ ਭਲੋਜਲਾ ਵਿੱਚ ਮਾਤਮ ਦਾ ਮਾਹੌਲ ਹੈ। ਪਰਿਵਾਰ ਨਮ ਅੱਖਾਂ ਨਾਲ ਰੇਸਕਿਊ ਟੀਮ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ ਅਤੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਦੋਵਾਂ ਭਰਾਵਾਂ ਦਾ ਪਤਾ ਲਗਾਉਣ ਦੀ ਅਪੀਲ ਕਰ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਵਾਂ ਨੌਜਵਾਨਾਂ ਦਾ ਪਤਾ ਨਹੀਂ ਲੱਗ ਜਾਂਦਾ, ਉਦੋਂ ਤੱਕ ਖੋਜ ਅਭਿਆਨ ਲਗਾਤਾਰ ਜਾਰੀ ਰਹੇਗਾ।
BabaBakala #AmritsarNews #PunjabNews #TragicAccident #DrowningIncident #RescueOperation #TwoBrothersDrowned #BhalojlaVillage #PunjabPolice #BreakingNewsPunjab