
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਸੋਨਾ ਸਮਗਲਿੰਗ ਦੀ ਇੱਕ ਹੋਰ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸ਼ਾਰਜਾਹ ਤੋਂ ਅੰਮ੍ਰਿਤਸਰ ਪਹੁੰਚੀ ਇੱਕ ਮਹਿਲਾ ਯਾਤਰੀ ਨੂੰ ਚੈਕਿੰਗ ਦੌਰਾਨ ਭਾਰੀ ਮਾਤਰਾ ਵਿੱਚ ਸੋਨੇ ਸਮੇਤ ਕਾਬੂ ਕੀਤਾ ਗਿਆ ਹੈ। ਜ਼ਬਤ ਕੀਤੇ ਗਏ ਸ਼ੁੱਧ ਸੋਨੇ ਦਾ ਵਜ਼ਨ 90.21 ਗ੍ਰਾਮ ਹੈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 13.26 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਪੇਸਟ ਦੇ ਰੂਪ ਵਿੱਚ ਲੁਕਾਇਆ ਹੋਇਆ ਸੀ ਸੋਨਾ
ਮਿਲੀ ਜਾਣਕਾਰੀ ਮੁਤਾਬਕ ਇਹ ਮਹਿਲਾ ਯਾਤਰੀ ਫਲਾਈਟ ਨੰਬਰ IX-138 ਰਾਹੀਂ ਸ਼ਾਰਜਾਹ ਤੋਂ ਅੰਮ੍ਰਿਤਸਰ ਪਹੁੰਚੀ ਸੀ। ਏਅਰਪੋਰਟ ‘ਤੇ ਤਾਇਨਾਤ ਕਸਟਮ ਅਧਿਕਾਰੀਆਂ ਨੂੰ ਮਹਿਲਾ ਦੀਆਂ ਗਤੀਵਿਧੀਆਂ ‘ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸ ਨੂੰ ਰੋਕ ਕੇ ਐਕਸ-ਰੇ ਸਕੈਨਿੰਗ ਅਤੇ ਬਾਰੀਕੀ ਨਾਲ ਨਿੱਜੀ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਮਹਿਲਾ ਕੋਲੋਂ ਪੇਸਟ ਦੇ ਰੂਪ ਵਿੱਚ 114 ਗ੍ਰਾਮ (ਗ੍ਰਾਸ ਵੇਟ) ਸੋਨਾ ਬਰਾਮਦ ਹੋਇਆ। ਜਦੋਂ ਇਸ ਪੇਸਟ ਵਿੱਚੋਂ ਸ਼ੁੱਧ ਸੋਨਾ ਵੱਖ ਕੀਤਾ ਗਿਆ ਤਾਂ ਉਸਦਾ ਕੁੱਲ ਵਜ਼ਨ 90.21 ਗ੍ਰਾਮ ਨਿਕਲਿਆ, ਜਿਸਦੀ ਅਨੁਮਾਨਿਤ ਕੀਮਤ 13 ਲੱਖ 26 ਹਜ਼ਾਰ 87 ਰੁਪਏ ਲਗਾਈ ਗਈ ਹੈ।
ਵੱਡੇ ਨੈੱਟਵਰਕ ਦੀ ਭਾਲ ‘ਚ ਜੁਟਿਆ ਕਸਟਮ ਵਿਭਾਗ
ਕਸਟਮ ਵਿਭਾਗ ਨੇ ਬਰਾਮਦ ਕੀਤੇ ਸੋਨੇ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਕਿ ਇਸ ਤਸਕਰੀ ਪਿੱਛੇ ਕੋਈ ਵੱਡਾ ਸੰਗਠਿਤ ਨੈੱਟਵਰਕ ਤਾਂ ਕੰਮ ਨਹੀਂ ਕਰ ਰਿਹਾ। ਸੂਤਰਾਂ ਮੁਤਾਬਕ ਜੇਕਰ ਜਾਂਚ ਦੌਰਾਨ ਕੋਈ ਵੱਡਾ ਖੁਲਾਸਾ ਹੁੰਦਾ ਹੈ, ਤਾਂ ਇਸ ਮਾਮਲੇ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਵੀ ਸੰਭਵ ਹਨ। ਫਿਲਹਾਲ ਮਹਿਲਾ ਕੋਲੋਂ ਪੁੱਛਗਿੱਛ ਜਾਰੀ ਹੈ।
AmritsarAirport #GoldSmuggling #CustomDepartment #SriGuruRamDassJiairport #SharjahToAmritsar #PunjabNews #BreakingNewsPunjab