
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿਛਲੇ ਮਹੀਨੇ ਤੋਂ ਲਾਪਤਾ ਚੱਲ ਰਹੇ 66 ਸਾਲਾ ਆਸਟ੍ਰੇਲੀਆਈ NRI ਸੁਨੀਲ ਸ਼ਰਮਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੰਝਲ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੇ ਸਕੇ ਭਰਾ, ਭਰਜਾਈ ਅਤੇ ਭਤੀਜੇ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਾਰਾ ਮਾਮਲਾ ਕਰੋੜਾਂ ਰੁਪਏ ਦੀ ਜਾਇਦਾਦ ਦੇ ਵਿਵਾਦ ਨਾਲ ਜੁੜਿਆ ਹੋਇਆ ਹੈ।
ਮੈਲਬੌਰਨ ‘ਚ ਗਣਿਤ ਦੇ ਅਧਿਆਪਕ ਸਨ ਸੁਨੀਲ ਸ਼ਰਮਾ
ਮ੍ਰਿਤਕ ਸੁਨੀਲ ਸ਼ਰਮਾ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਰਹਿ ਰਹੇ ਸਨ ਅਤੇ ਉੱਥੇ ਇੱਕ ਮੈਥਸ (ਗਣਿਤ) ਟੀਚਰ ਵਜੋਂ ਕੰਮ ਕਰਦੇ ਸਨ। ਉਹ ਪਿਛਲੇ ਮਹੀਨੇ ਪੰਜਾਬ ਵਿੱਚ ਅੰਮ੍ਰਿਤਸਰ ਅਤੇ ਮੋਹਾਲੀ ਸਥਿਤ ਆਪਣੀ ਪਰਿਵਾਰਕ ਜਾਇਦਾਦ ਦੀ ਦੇਖਭਾਲ ਅਤੇ ਉਸ ਨੂੰ ਵੇਚਣ ਦੇ ਸਿਲਸਿਲੇ ਵਿੱਚ ਭਾਰਤ ਆਏ ਸਨ।
22 ਮਈ ਤੋਂ ਸਨ ਲਾਪਤਾ, ਧੀ ਨੇ ਮੁੱਖ ਮੰਤਰੀ ਨੂੰ ਲਾਈ ਸੀ ਗੁਹਾਰ
ਸੁਨੀਲ ਸ਼ਰਮਾ 22 ਮਈ ਨੂੰ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਆਸ਼ੀਆਨਾ ਐਸਟੇਟ ਵਿੱਚ ਆਪਣੇ ਘਰ ਗਏ ਸਨ, ਜਿੱਥੇ ਰੰਗ-ਰੋਗਨ ਦਾ ਕੰਮ ਚੱਲ ਰਹੀ ਸੀ। ਉਸੇ ਦਿਨ ਦੁਪਹਿਰ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਏ ਅਤੇ ਉਨ੍ਹਾਂ ਦਾ ਮੋਬਾਈਲ ਫੋਨ ਵੀ ਬੰਦ ਆਉਣ ਲੱਗਾ। ਆਸਟ੍ਰੇਲੀਆ ਵਿੱਚ ਰਹਿ ਰਹੀ ਉਨ੍ਹਾਂ ਦੀ ਬੇਟੀ ਸੁਰਭੀ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਪਿਤਾ ਦੀ ਭਾਲ ਕਰਨ ਲਈ ਭਾਵੁਕ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਨਾਲ ਜਾਂਚ ਸ਼ੁਰੂ ਕੀਤੀ।
ਨੀਂਦ ਦੀਆਂ ਗੋਲੀਆਂ ਦਿੱਤੀਆਂ, ਫਿਰ ਬੇਸਬਾਲ ਬੈਟ ਨਾਲ ਉਤਾਰਿਆ ਮੌਤ ਦੇ ਘਾਟ
ਪੁਲਿਸ ਜਾਂਚ ਵਿੱਚ ਜੋ ਖੁਲਾਸਾ ਹੋਇਆ ਹੈ, ਉਹ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਹੈ। ਪੁਲਿਸ ਮੁਤਾਬਕ ਸੁਨੀਲ ਸ਼ਰਮਾ ਦੇ ਸਕੇ ਭਰਾ ਨੇ ਜਾਇਦਾਦ ਹੜੱਪਣ ਲਈ ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਇੱਕ ਫਰਜ਼ੀ ‘ਪਾਵਰ ਆਫ਼ ਅਟਾਰਨੀ’ ਤਿਆਰ ਕਰਵਾਈ ਸੀ।
ਸਾਜ਼ਿਸ਼ ਦੇ ਤਹਿਤ ਸੁਨੀਲ ਸ਼ਰਮਾ ਨੂੰ ਅੰਮ੍ਰਿਤਸਰ ਬੁਲਾਇਆ ਗਿਆ। 22 ਮਈ ਨੂੰ ਮੁਲਜ਼ਮਾਂ ਨੇ ਪਹਿਲਾਂ ਸੁਨੀਲ ਸ਼ਰਮਾ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਜਦੋਂ ਉਹ ਬੇਹੋਸ਼ ਹੋ ਗਏ ਤਾਂ ਸਕੇ ਭਰਾ ਅਤੇ ਉਸ ਦੇ ਪੁੱਤਰ ਨੇ ਬੇਸਬਾਲ ਬੈਟ ਨਾਲ ਸਿਰ ‘ਤੇ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਲਾਸ਼ ਨਹਿਰ ‘ਚ ਸੁੱਟੀ, ਕਾਰ ਦਰਬਾਰ ਸਾਹਿਬ ਦੀ ਪਾਰਕਿੰਗ ‘ਚ ਛੱਡੀ
ਅਪਰਾਧ ਨੂੰ ਲੁਕਾਉਣ ਲਈ ਮੁਲਜ਼ਮਾਂ ਨੇ ਸੁਨੀਲ ਸ਼ਰਮਾ ਦੀ ਲਾਸ਼ ਨੂੰ ਗੱਦੇ ਵਿੱਚ ਲਪੇਟ ਕੇ ਉਨ੍ਹਾਂ ਦੀ ਆਪਣੀ ਹੀ ਗੱਡੀ ਵਿੱਚ ਪਾਇਆ ਅਤੇ ਹਰੀਕੇ ਪੱਤਣ ਕੋਲ ਨਹਿਰ ਵਿੱਚ ਸੁੱਟ ਦਿੱਤਾ। ਪੁਲਿਸ ਨੂੰ ਗੁੰਹਰਾਹ ਕਰਨ ਲਈ ਉਨ੍ਹਾਂ ਨੇ NRI ਦੀ ਕਾਰ ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ ਤਾਂ ਜੋ ਇਹ ਲੱਗੇ ਕਿ ਉਹ ਧਾਰਮਿਕ ਅਸਥਾਨ ‘ਤੇ ਗਏ ਸਨ। ਇਸ ਤੋਂ ਬਾਅਦ ਮੁਲਜ਼ਮ ਆਪਣਾ ਸਾਰਾ ਸਾਮਾਨ ਲੈ ਕੇ ਦਿੱਲੀ ਫਰਾਰ ਹੋ ਗਏ ਸਨ।
ਪੁਲਿਸ ਵੱਲੋਂ ਪਰਿਵਾਰ ਸਮੇਤ 4 ਗ੍ਰਿਫਤਾਰ
ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁੱਖ ਮੁਲਜ਼ਮ ਭਰਾ, ਉਸ ਦੀ ਪਤਨੀ, ਉਨ੍ਹਾਂ ਦੇ ਪੁੱਤਰ ਅਤੇ ਇੱਕ ਸਥਾਨਕ ਪ੍ਰਾਪਰਟੀ ਡੀਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਸ਼ਾਮਲ ਕੁਝ ਹੋਰ ਫਰਾਰ ਲੋਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਦੇ ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਹਨ।
ਇਸ ਦਰਦਨਾਕ ਘਟਨਾ ਨੇ ਜਿੱਥੇ ਪੰਜਾਬ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ, ਉੱਥੇ ਹੀ ਆਸਟ੍ਰੇਲੀਆ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਵਿੱਚ ਵੀ ਭਾਰੀ ਸੋਗ ਅਤੇ ਸਹਿਮ ਦਾ ਮਾਹੌਲ ਹੈ। ਆਸਟ੍ਰੇਲੀਆਈ ਦੂਤਾਵਾਸ ਵੀ ਇਸ ਮਾਮਲੇ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।
Amritsar #PunjabCrime #NRIMurder #PunjabNews #AmritsarNews #CrimeNews #BreakingNewsPunjabi #AmritsarPolice #PropertyDispute #Harike #LatestNewsPunjab #Crimereport #NRI