
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਹੇਠਲੇ ਪੱਧਰ ‘ਤੇ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਅੰਮ੍ਰਿਤਸਰ ਵਿਖੇ ਕੀਤੀ ਗਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਵੱਲੋਂ ਪੰਜ ਵਿਧਾਨ ਸਭਾ ਹਲਕਿਆਂ ਲਈ ਹਲਕਾ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਪਾਰਟੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ।
ਇਨ੍ਹਾਂ ਆਗੂਆਂ ਨੂੰ ਸੌਂਪੀ ਗਈ ਜ਼ਿੰਮੇਵਾਰੀ
ਪਾਰਟੀ ਵੱਲੋਂ ਐਲਾਨੇ ਗਏ ਪੰਜ ਹਲਕਾ ਇੰਚਾਰਜਾਂ ਦੀ ਸੂਚੀ ਇਸ ਪ੍ਰਕਾਰ ਹੈ:
- ਅਜਨਾਲਾ: ਦਲਜੀਤ ਸਿੰਘ ਕਲਸੀ
- ਮੋਗਾ: ਗੁਰਮੀਤ ਸਿੰਘ ਬੁੱਕਣਵਾਲਾ
- ਗਿੱਲ: ਦਰਸ਼ਨ ਸਿੰਘ
- ਕਪੂਰਥਲਾ: ਜਗਜੀਤ ਸਿੰਘ ਬਾਬਾ ਜੱਗਾ
- ਕੋਟਕਪੂਰਾ: ਰਸ਼ਪਾਲ ਸਿੰਘ
ਪਾਰਟੀ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਇਨ੍ਹਾਂ ਆਗੂਆਂ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਇਹੀ ਅੰਤਿਮ ਉਮੀਦਵਾਰ ਹੋਣਗੇ, ਪਰ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਵਿੱਚੋਂ ਹੀ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਾਫ਼-ਸੁਥਰੇ ਪਿਛੋਕੜ ਵਾਲਿਆਂ ਨੂੰ ਹੀ ਮਿਲੇਗਾ ਮੌਕਾ: MP ਸਰਬਜੀਤ ਸਿੰਘ ਖਾਲਸਾ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਪਾਰਟੀ 2027 ਦੀਆਂ ਚੋਣਾਂ ਨੂੰ ਲੈ ਕੇ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਦੀ ਪੂਰੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਅਤੇ ਸਾਫ਼ ਛਵੀ ਤੇ ਲੋਕਾਂ ਵਿੱਚ ਚੰਗੀ ਪਕੜ ਵਾਲੇ ਆਗੂਆਂ ਨੂੰ ਹੀ ਅੱਗੇ ਲਿਆਂਦਾ ਜਾ ਰਿਹਾ ਹੈ।
ਅਜਨਾਲਾ ਤੋਂ ਦਲਜੀਤ ਸਿੰਘ ਕਲਸੀ ਨੂੰ ਜ਼ਿੰਮੇਵਾਰੀ ਦੇਣ ਬਾਰੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਅਜਨਾਲਾ ਮਾਮਲੇ ਵਿੱਚ ਉਨ੍ਹਾਂ ‘ਤੇ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਨੇ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਐਲਾਨੇ ਗਏ ਪੰਜ ਆਗੂਆਂ ਵਿੱਚੋਂ ਦੋ ਆਗੂ ਐਨ.ਐਸ.ਏ. (NSA) ਤਹਿਤ ਜੇਲ੍ਹ ਕੱਟ ਚੁੱਕੇ ਹਨ।
ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਿਆ
ਸਰਬਜੀਤ ਸਿੰਘ ਖਾਲਸਾ ਨੇ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ‘ਤੇ ਪੰਜਾਬ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅੰਕੜੇ ਜਨਤਕ ਕਰਨੇ ਚਾਹੀਦੇ ਹਨ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਨਸ਼ਾਮੁਕਤ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪੰਜਾਬ ਦੇ ਲੋਕ ਨਸ਼ਾ ਮੁਕਤੀ ਚਾਹੁੰਦੇ ਹਨ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਪਵੇਗਾ। ਮੌਜੂਦਾ 92 ਵਿਧਾਇਕਾਂ ‘ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਈ ਵਿਧਾਇਕਾਂ ਦੇ ਨਾਂ ਤੱਕ ਨਹੀਂ ਪਤਾ, ਜਦਕਿ ਪੰਜਾਬ ਦੀ ਜਨਤਾ ਹੁਣ ਇਨਸਾਫ਼ ਚਾਹੁੰਦੀ ਹੈ।
ਆਗਾਮੀ ਰਣਨੀਤੀ ਤੇ ਪ੍ਰੋਗਰਾਮ
- 5 ਮੈਂਬਰੀ ਕਮੇਟੀਆਂ: ਹਰ ਹਲਕੇ ਵਿੱਚ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ 5-5 ਮੈਂਬਰਾਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।
- ਬਾਬਾ ਬਕਾਲਾ ਸਾਹਿਬ ਵਿਖੇ ਵੱਡਾ ਇਕੱਠ: 28 ਤਰੀਕ ਨੂੰ ਰੱਖੜ ਪੁੰਨਿਆ ਦੇ ਦਿਹਾੜੇ ‘ਤੇ ਬਾਬਾ ਬਕਾਲਾ ਸਾਹਿਬ ਵਿਖੇ ਪਾਰਟੀ ਵੱਲੋਂ ਵੱਡੀ ਸਟੇਜ ਲਗਾਈ ਜਾਵੇਗੀ, ਜਿੱਥੇ ਭਾਰੀ ਇਕੱਠ ਹੋਣ ਦੀ ਉਮੀਦ ਹੈ।