
ਨਵੀਂ ਦਿੱਲੀ/ਵਡੋਦਰਾ: ਭਾਰਤ ਦੇ ਰੱਖਿਆ ਅਤੇ ਐਰੋਸਪੇਸ ਨਿਰਮਾਣ (Aerospace Manufacturing) ਖੇਤਰ ਲਈ ਇੱਕ ਇਤਿਹਾਸਕ ਪਲ ਸਾਹਮਣੇ ਆਇਆ ਹੈ। ਦੇਸ਼ ਦੇ ਅੰਦਰ ਤਿਆਰ ਕੀਤੇ ਗਏ ਪਹਿਲੇ Airbus C295 ਫ਼ੌਜੀ ਟ੍ਰਾਂਸਪੋਰਟ ਜਹਾਜ਼ ਨੇ ਗੁਜਰਾਤ ਦੇ ਵਡੋਦਰਾ ਸਥਿਤ ਫਾਈਨਲ ਅਸੈਂਬਲੀ ਲਾਈਨ (FAL) ਤੋਂ ਆਪਣੀ ਪਹਿਲੀ ਸਫ਼ਲ ਟੈਸਟ ਫਲਾਈਟ (Maiden Test Flight) ਪੂਰੀ ਕਰ ਲਈ ਹੈ।
ਇਹ ਸਫ਼ਲਤਾ ਭਾਰਤ ਦੇ ਪ੍ਰਾਈਵੇਟ ਰੱਖਿਆ ਖੇਤਰ ਵਿੱਚ ਕਿਸੇ ਫ਼ੌਜੀ ਜਹਾਜ਼ ਦੇ ਨਿਰਮਾਣ ਦੀ ਪਹਿਲੀ ਮਿਸਾਲ ਹੈ, ਜੋ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੇ ਸੁਪਨੇ ਨੂੰ ਵੱਡੀ ਉਡਾਣ ਦਿੰਦੀ ਹੈ।
ਭਾਰਤੀ ਹਵਾਈ ਫ਼ੌਜ ਨੇ ਦਿੱਤੀ ਵਧਾਈ
ਭਾਰਤੀ ਹਵਾਈ ਫ਼ੌਜ (IAF) ਨੇ ਇਸ ਇਤਿਹਾਸਕ ਪ੍ਰਾਪਤੀ ’ਤੇ ਟਾਟਾ ਅਤੇ ਏਅਰਬੱਸ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਹਵਾਈ ਫ਼ੌਜ ਨੇ ਸੋਸ਼ਲ ਮੀਡੀਆ ’ਤੇ ਲਿਖਿਆ, “ਇਹ ਪ੍ਰਾਪਤੀ ਭਾਰਤ ਦੀਆਂ ਵਧ ਰਹੀਆਂ ਐਰੋਸਪੇਸ ਸਮਰੱਥਾਵਾਂ ਨੂੰ ਦਰਸਾਉਂਦੀ ਹੈ ਅਤੇ ਰੱਖਿਆ ਖੇਤਰ ਵਿੱਚ ਸਵਦੇਸ਼ੀ ਤਕਨੀਕ ਨੂੰ ਮਜ਼ਬੂਤ ਕਰਨ ਦੇ ਸਾਡੇ ਸੰਕਲਪ ਨੂੰ ਹੋਰ ਪੱਕਾ ਕਰਦੀ ਹੈ।”
ਟਾਟਾ-ਏਅਰਬੱਸ ਦੀ ਸਾਂਝੇਦਾਰੀ ਨੇ ਰਚਿਆ ਇਤਿਹਾਸ
ਇਸ ਜਹਾਜ਼ ਨੂੰ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ (TASL) ਅਤੇ Airbus Defence ਵੱਲੋਂ ਸਾਂਝੇ ਤੌਰ ’ਤੇ ਵਡੋਦਰਾ ਦੀ ਫੈਕਟਰੀ ਵਿੱਚ ਅਸੈਂਬਲ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ ਦੇਸ਼ ਦੇ ਕਈ ਛੋਟੇ ਅਤੇ ਦਰਮਿਆਨੇ ਉਦਯੋਗਾਂ (MSMEs) ਨੇ ਵੀ ਹਿੱਸਾ ਲਿਆ ਹੈ, ਜਿਨ੍ਹਾਂ ਨੇ ਜਹਾਜ਼ ਦੇ ਵੱਖ-ਵੱਖ ਪੁਰਜ਼ੇ ਭਾਰਤ ਵਿੱਚ ਹੀ ਤਿਆਰ ਕੀਤੇ ਹਨ।
ਕੀ ਹੈ ਇਹ ਪੂਰੀ ਡੀਲ?
- ਕੁੱਲ ਜਹਾਜ਼: ਭਾਰਤ ਸਰਕਾਰ ਨੇ ਹਵਾਈ ਫ਼ੌਜ ਦੇ ਪੁਰਾਣੇ ਹੋ ਚੁੱਕੇ ‘Avro’ ਜਹਾਜ਼ਾਂ ਦੀ ਜਗ੍ਹਾ ਲੈਣ ਲਈ ₹21,935 ਕਰੋੜ ਦੀ ਲਾਗਤ ਨਾਲ ਕੁੱਲ 56 Airbus C295 ਜਹਾਜ਼ਾਂ ਦਾ ਸੌਦਾ ਕੀਤਾ ਸੀ।
- ਸਪੇਨ ਤੋਂ ਆਏ ਜਹਾਜ਼: ਇਸ ਡੀਲ ਦੇ ਤਹਿਤ ਪਹਿਲੇ 16 ਜਹਾਜ਼ ਸਪੇਨ (ਸੇਵਿਲ) ਸਥਿਤ ਏਅਰਬੱਸ ਦੀ ਫੈਕਟਰੀ ਤੋਂ ਸਿੱਧੇ ਉੱਡ ਕੇ ਭਾਰਤ ਆ ਰਹੇ ਹਨ।
- ਭਾਰਤ ਵਿੱਚ ਨਿਰਮਾਣ: ਬਾਕੀ ਰਹਿੰਦੇ 40 ਜਹਾਜ਼ ਪੂਰੀ ਤਰ੍ਹਾਂ ਭਾਰਤ ਵਿੱਚ ਟਾਟਾ-ਏਅਰਬੱਸ ਫੈਕਟਰੀ ਵੱਲੋਂ ਤਿਆਰ ਕੀਤੇ ਜਾਣੇ ਹਨ, ਜਿਨ੍ਹਾਂ ਵਿੱਚੋਂ ਪਹਿਲੇ ਜਹਾਜ਼ ਨੇ ਹੁਣ ਸਫ਼ਲ ਉਡਾਣ ਭਰੀ ਹੈ। ਇਹ ਜਹਾਜ਼ ਜਲਦੀ ਹੀ ਸਾਰੇ ਟੈਸਟ ਪੂਰੇ ਕਰਕੇ ਹਵਾਈ ਫ਼ੌਜ ਨੂੰ ਸੌਂਪ ਦਿੱਤਾ ਜਾਵੇਗਾ।
ਕਿਉਂ ਖ਼ਾਸ ਹੈ Airbus C295 ਜਹਾਜ਼?
ਇਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਅਤੇ ਬਹੁ-ਮੰਤਵੀ (versatile) ਟੈਸਟੀਕਲ ਟ੍ਰਾਂਸਪੋਰਟ ਜਹਾਜ਼ ਹੈ। ਇਹ 71 ਫ਼ੌਜੀ ਜਵਾਨਾਂ ਜਾਂ 50 ਪੈਰਾਸ਼ੂਟਰਾਂ ਨੂੰ ਇੱਕੋ ਸਮੇਂ ਲੈ ਕੇ ਜਾਣ ਦੇ ਸਮਰੱਥ ਹੈ। ਇਸ ਤੋਂ ਇਲਾਵਾ ਇਹ ਜਹਾਜ਼ ਦੁਰਗਮ ਇਲਾਕਿਆਂ ਅਤੇ ਛੋਟੇ ਰਨਵੇਅ (ਜਿੱਥੇ ਭਾਰੀ ਜਹਾਜ਼ ਨਹੀਂ ਉਤਰ ਸਕਦੇ) ’ਤੇ ਵੀ ਆਸਾਨੀ ਨਾਲ ਲੈਂਡਿੰਗ ਅਤੇ ਟੇਕ-ਆਫ ਕਰ ਸਕਦਾ ਹੈ, ਜਿਸ ਨਾਲ ਚੀਨ ਦੀ ਸਰਹੱਦ ’ਤੇ ਭਾਰਤੀ ਫ਼ੌਜ ਦੀ ਤਾਕਤ ਕਾਫ਼ੀ ਵਧ ਜਾਵੇਗੀ।
AirbusC295 #MakeInIndia #AtmanirbharBharat #IndianAirForce #TataAirbus