Skip to main content

thepunjabilink.com

ਨਵੀਂ ਦਿੱਲੀ: ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ‘ਕਾਕਰੋਚ ਜਨਤਾ ਪਾਰਟੀ’ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਅਮਰੀਕਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਏਅਰਪੋਰਟ ‘ਤੇ ਪਹੁੰਚ ਗਏ ਹਨ। NEET ਪੇਪਰ ਲੀਕ ਵਿਵਾਦ ਅਤੇ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਵਿੱਚ ਹੋ ਰਹੀਆਂ ਨਾਕਾਮੀਆਂ ਦੇ ਖਿਲਾਫ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਅੱਜ ਦਿੱਲੀ ਦੇ ਜੰਤਰ-ਮੰਤਰ ਵਿਖੇ ਇੱਕ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ।

ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਅਭਿਜੀਤ ਦੀਪਕੇ ਦੇ ਏਅਰਪੋਰਟ ‘ਤੇ ਉਤਰਦੇ ਹੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਤਾਜ਼ਾ ਜਾਣਕਾਰੀ ਅਨੁਸਾਰ, ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਜੰਤਰ-ਮੰਤਰ ‘ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਸਮਰਥਕਾਂ ਨੂੰ ਏਅਰਪੋਰਟ ਨਾ ਆਉਣ ਦੀ ਕੀਤੀ ਸੀ ਅਪੀਲ

ਇਸ ਤੋਂ ਪਹਿਲਾਂ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਆਪਣੇ ਸਮਰਥਕਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਦਿੱਲੀ ਏਅਰਪੋਰਟ ‘ਤੇ ਇਕੱਠੇ ਨਾ ਹੋਣ। ਉਨ੍ਹਾਂ ਕਿਹਾ ਸੀ ਕਿ ਉਮੀਦ ਤੋਂ ਵੱਧ ਹੁੰਗਾਰਾ ਮਿਲਣ ਕਾਰਨ ਏਅਰਪੋਰਟ ‘ਤੇ ਭੀੜ ਜਮ੍ਹਾਂ ਹੋ ਸਕਦੀ ਹੈ, ਜਿਸ ਨਾਲ ਆਮ ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਉਨ੍ਹਾਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਸਿੱਧਾ ਜੰਤਰ-ਮੰਤਰ ਪਹੁੰਚਣ ਲਈ ਕਿਹਾ ਹੈ।

ਅਭਿਜੀਤ ਦੀਪਕੇ ਦਾ ਸੰਦੇਸ਼: “ਅਸੀਂ ਕਾਨੂੰਨ ਨੂੰ ਮੰਨਣ ਵਾਲੇ ਨਾਗਰਿਕ ਹਾਂ ਅਤੇ ਸਾਨੂੰ ਜ਼ਿੰਮੇਵਾਰੀ ਨਾਲ ਅੱਗੇ ਵਧਣਾ ਹੋਵੇਗਾ। ਕੋਈ ਵੀ ਕਿਸੇ ਕਿਸਮ ਦੀ ਗੜਬੜੀ ਨਾ ਕਰੇ। ਸਾਰੇ ਪ੍ਰਦਰਸ਼ਨਕਾਰੀ ਆਪਣੇ ਨਾਲ ਇੱਕ ਕਿਤਾਬ ਅਤੇ ਤਿਰੰਗਾ ਝੰਡਾ ਲੈ ਕੇ ਜੰਤਰ-ਮੰਤਰ ਪਹੁੰਚਣ।”

ਜੰਤਰ-ਮੰਤਰ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ

ਇਸ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਅਤੇ ਅਰਧ ਸੈਨਿਕ ਬਲਾਂ (Paramilitary Forces) ਦੇ ਜਵਾਨਾਂ ਨੂੰ ਜੰਤਰ-ਮੰਤਰ ‘ਤੇ ਵੱਡੀ ਗਿਣਤੀ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਘਰਾਂ ਦੇ ਬਾਹਰ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨੌਜਵਾਨ ਅਤੇ ਵਿਦਿਆਰਥੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਰਹੇ ਹਨ।

ਕੀ ਹੈ ‘ਕਾਕਰੋਚ ਜਨਤਾ ਪਾਰਟੀ’?

ਦੱਸ ਦੇਈਏ ਕਿ ‘ਕਾਕਰੋਚ ਜਨਤਾ ਪਾਰਟੀ’ ਦੀ ਸ਼ੁਰੂਆਤ ਇੱਕ ਵਿਅੰਗਆਤਮਕ (Satirical) ਸੋਸ਼ਲ ਮੀਡੀਆ ਮੂਵਮੈਂਟ ਵਜੋਂ ਹੋਈ ਸੀ, ਜਿਸ ਨੂੰ ਅਭਿਜੀਤ ਦੀਪਕੇ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਨੂੰ ਸੋਸ਼ਲ ਮੀਡੀਆ ‘ਤੇ ਕਰੋੜਾਂ ਨੌਜਵਾਨਾਂ ਦਾ ਸਮਰਥਨ ਹਾਸਲ ਹੈ ਅਤੇ ਹੁਣ ਇਹ ਲੜਾਈ ਸੜਕਾਂ ‘ਤੇ ਉਤਰ ਆਈ ਹੈ। ਇਸ ਅੰਦੋਲਨ ਨੂੰ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਅਤੇ ਅਦਾਕਾਰ ਪ੍ਰਕਾਸ਼ ਰਾਜ ਵਰਗੀਆਂ ਹਸਤੀਆਂ ਦਾ ਵੀ ਸਮਰਥਨ ਮਿਲਿਆ ਹੈ।

AbhiijitDeepke #CockroachJanataParty #CJP #DelhiAirport #JantarMantar #DelhiPolice #NEETScam #DharmendraPradhan #StudentProtest #DelhiNews #LatestPunjabiNews