
ਮੁੰਬਈ: ਬਾਲੀਵੁੱਡ ਦੇ ‘ਮਿਸਟਰ ਪਰਫੈਕਸ਼ਨਿਸਟ’ ਯਾਨੀ ਆਮਿਰ ਖ਼ਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਖ਼ਬਰ ਆਈ ਹੈ ਕਿ 61 ਸਾਲ ਦੀ ਉਮਰ ਵਿੱਚ ਅਦਾਕਾਰ ਆਮਿਰ ਖ਼ਾਨ ਆਪਣਾ ਤੀਜਾ ਵਿਆਹ ਕਰਵਾਉਣ ਜਾ ਰਹੇ ਹਨ। ਉਹ ਆਪਣੀ ਲੰਬੇ ਸਮੇਂ ਦੀ ਗਰਲਫ੍ਰੈਂਡ ਗੋਰੀ ਸਪ੍ਰੈਟ (Gauri Spratt) ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਪੂਰੀ ਤਰ੍ਹਾਂ ਤਿਆਰ ਹਨ। ਦੋਵੇਂ ਆਉਂਦੀ 5 ਜੁਲਾਈ ਨੂੰ ਇੱਕ ਨਿੱਜੀ ਸਮਾਗਮ ਦੌਰਾਨ ਵਿਆਹ ਕਰਵਾਉਣਗੇ।
ਖ਼ੁਦ ਆਮਿਰ ਖ਼ਾਨ ਨੇ ਇੱਕ ਇੰਟਰਵਿਊ ਦੌਰਾਨ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਦੌਰੇ ਦੌਰਾਨ ਗੱਲਬਾਤ ਕਰਦਿਆਂ ਆਮਿਰ ਨੇ ਕਿਹਾ, “ਮੈਂ ਇਸ ਵੇਲੇ ਅਮਰੀਕਾ ਵਿੱਚ ਹਾਂ। ਵਿਆਹ ਦੀ ਖ਼ਬਰ ਬਿਲਕੁਲ ਸੱਚ ਹੈ। ਇਹ ਵਿਆਹ 5 ਜੁਲਾਈ ਨੂੰ ਹੋਣ ਜਾ ਰਿਹਾ ਹੈ।”
ਦਿਲੋਂ ਪਹਿਲਾਂ ਹੀ ਮੰਨ ਚੁੱਕੇ ਸਨ ਪਤਨੀ
ਆਮਿਰ ਖ਼ਾਨ ਨੇ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ, “ਮੈਂ ਬਹੁਤ ਸ਼ਾਂਤੀ ਵਿੱਚ ਹਾਂ। ਗੋਰੀ ਅਤੇ ਮੈਂ ਇੱਕ-ਦੂਜੇ ਲਈ ਬਹੁਤ ਗੰਭੀਰ ਹਾਂ। ਅਸੀਂ ਪਾਰਟਨਰ ਹਾਂ ਅਤੇ ਇਕੱਠੇ ਹਾਂ। ਮੇਰੇ ਦਿਲ ਵਿੱਚ, ਮੈਂ ਪਹਿਲਾਂ ਹੀ ਉਸ ਨਾਲ ਵਿਆਹ ਕਰ ਚੁੱਕਾ ਹਾਂ। ਇਸ ਲਈ ਹੁਣ ਆਪਣੇ ਰਿਸ਼ਤੇ ਨੂੰ ਅਧਿਕਾਰਤ ਰੂਪ ਦੇਣਾ ਸਾਡੀ ਸਾਂਝ ਦਾ ਇੱਕ ਕੁਦਰਤੀ ਪੜਾਅ ਹੈ।”
ਘਰ ਵਿੱਚ ਹੀ ਹੋਵੇਗਾ ਸਾਦਾ ਵਿਆਹ
ਰਿਪੋਰਟਾਂ ਮੁਤਾਬਕ, ਇਹ ਵਿਆਹ ਕੋਈ ਬਹੁਤ ਵੱਡਾ ਜਾਂ ਸ਼ਾਹੀ ਸਮਾਗਮ ਨਹੀਂ ਹੋਵੇਗਾ। ਆਮਿਰ ਖ਼ਾਨ ਦੇ ਮੁੰਬਈ ਸਥਿਤ ਘਰ ਵਿੱਚ ਹੀ ਇੱਕ ਬੇਹੱਦ ਨਿੱਜੀ ਪ੍ਰੋਗਰਾਮ ਰੱਖਿਆ ਗਿਆ ਹੈ, ਜਿੱਥੇ ਦੋਵੇਂ ਪਰਿਵਾਰਾਂ ਦੀ ਮੌਜੂਦਗੀ ਵਿੱਚ ਰਜਿਸਟਰਡ ਮੈਰਿਜ (ਕੋਰਟ ਮੈਰਿਜ) ਕਰਨਗੇ। ਇਸ ਸਮਾਗਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕੁਝ ਖ਼ਾਸ ਦੋਸਤ ਹੀ ਸ਼ਾਮਲ ਹੋਣਗੇ। ਚਰਚਾ ਹੈ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਵੀ ਇਸ ਨਿੱਜੀ ਵਿਆਹ ਵਿੱਚ ਸ਼ਿਰਕਤ ਕਰ ਸਕਦੇ ਹਨ।
ਕੌਣ ਹੈ ਗੋਰੀ ਸਪ੍ਰੈਟ?
ਗੋਰੀ ਸਪ੍ਰੈਟ ਬੈਂਗਲੁਰੂ ਦੀ ਰਹਿਣ ਵਾਲੀ ਹੈ ਅਤੇ ਵੈਲਨੈੱਸ ਤੇ ਬਿਊਟੀ ਇੰਡਸਟਰੀ (Wellness and Beauty Industry) ਨਾਲ ਜੁੜੀ ਹੋਈ ਹੈ। ਅੱਜਕੱਲ੍ਹ ਉਹ ‘ਆਮਿਰ ਖ਼ਾਨ ਪ੍ਰੋਡਕਸ਼ਨ’ ਨਾਲ ਮਿਲ ਕੇ ਕੰਮ ਕਰ ਰਹੀ ਹੈ। ਆਮਿਰ ਖ਼ਾਨ ਨੇ ਪਿਛਲੇ ਸਾਲ ਮਾਰਚ 2025 ਵਿੱਚ ਆਪਣੇ 60ਵੇਂ ਜਨਮਦਿਨ ਮੌਕੇ ਮੀਡੀਆ ਸਾਹਮਣੇ ਗੋਰੀ ਨੂੰ ਆਪਣੀ ਪਾਰਟਨਰ ਵਜੋਂ ਪੇਸ਼ ਕੀਤਾ ਸੀ। ਆਮਿਰ ਮੁਤਾਬਕ, ਉਹ ਦੋਵੇਂ ਇੱਕ-ਦੂਜੇ ਨੂੰ ਪਿਛਲੇ 25 ਸਾਲਾਂ ਤੋਂ ਜਾਣਦੇ ਹਨ, ਪਰ ਕੁਝ ਸਮਾਂ ਪਹਿਲਾਂ ਹੀ ਦੋਵਾਂ ਦਾ ਰਿਸ਼ਤਾ ਪਿਆਰ ਵਿੱਚ ਬਦਲਿਆ। ਗੋਰੀ ਦਾ ਪਹਿਲੇ ਵਿਆਹ ਤੋਂ ਇੱਕ ਬੇਟਾ ਵੀ ਹੈ।
ਆਮਿਰ ਖ਼ਾਨ ਦਾ ਤੀਜਾ ਵਿਆਹ
ਦੱਸ ਦੇਈਏ ਕਿ ਇਹ ਆਮਿਰ ਖ਼ਾਨ ਦਾ ਤੀਜਾ ਵਿਆਹ ਹੈ। ਉਨ੍ਹਾਂ ਨੇ ਪਹਿਲਾ ਵਿਆਹ ਰੀਨਾ ਦੱਤਾ ਨਾਲ ਕੀਤਾ ਸੀ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ (ਜੁਨੈਦ ਖ਼ਾਨ ਅਤੇ ਇਰਾ ਖ਼ਾਨ) ਹਨ। ਰੀਨਾ ਨਾਲ 2002 ਵਿੱਚ ਤਲਾਕ ਤੋਂ ਬਾਅਦ, ਆਮਿਰ ਨੇ 2005 ਵਿੱਚ ਫਿਲਮ ਮੇਕਰ ਕਿਰਨ ਰਾਓ ਨਾਲ ਵਿਆਹ ਕਰਵਾਇਆ, ਜਿਸ ਤੋਂ ਉਨ੍ਹਾਂ ਦਾ ਇੱਕ ਬੇਟਾ ਆਜ਼ਾਦ ਹੈ। ਕਿਰਨ ਰਾਓ ਨਾਲ ਵੀ ਸਾਲ 2021 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਹਾਲਾਂਕਿ, ਤਲਾਕ ਤੋਂ ਬਾਅਦ ਵੀ ਆਮਿਰ ਦੇ ਆਪਣੀਆਂ ਦੋਵੇਂ ਸਾਬਕਾ ਪਤਨੀਆਂ ਨਾਲ ਬਹੁਤ ਚੰਗੇ ਅਤੇ ਸਤਿਕਾਰਯੋਗ ਸਬੰਧ ਹਨ।
#AamirKhanMarriage #BollywoodNews #AamirKhanThirdMarriage #GauriSpratt #TrendingNews