Skip to main content

thepunjabilink.com

ਜਾਲੰਧਰ ਦੇ ਚਰਚਿਤ ਮਹਿਲਾ ਲੈਕਚਰਾਰ ਨੇਹਾ ਕਤਲਕਾਂਡ ਦੀ ਜਾਂਚ ਦਰਮਿਆਨ ਹੁਣ ਮੇਹਰ ਐਨਕਲੇਵ ਸਥਿਤ ਕਰੀਬ 1.25 ਕਰੋੜ ਰੁਪਏ ਦੀ ਕੋਠੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਮੁਲਜ਼ਮ ਸਤਪਾਲ ਕੌਰ ਦੇ ਪਤੀ ਵਿਸ਼ਾਲ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਉਸ ਦੀ ਪਤਨੀ ਨੇ ਧੋਖੇ ਨਾਲ ਇਹ ਕੋਠੀ ਆਪਣੇ ਨਾਂ ਕਰਵਾਈ ਅਤੇ ਬਾਅਦ ‘ਚ ਆਪਣੇ ਪ੍ਰੇਮੀ ਉਮੰਗ ਬੱਸੀ ਨਾਲ ਮਿਲ ਕੇ ਇਸ ‘ਤੇ ਕਬਜ਼ਾ ਕਰ ਲਿਆ।

ਮਿਹਨਤ ਦੀ ਕਮਾਈ ਅਤੇ ਪਿਓ ਦਾ ਪਲਾਟ ਵੇਚ ਕੇ ਬਣਾਈ ਸੀ ਕੋਠੀ ਵਿਸ਼ਾਲ ਮੁਤਾਬਕ ਉਸ ਨੇ ਆਪਣੀ ਪੂਰੀ ਨੌਕਰੀ ਦੀ ਜਮ੍ਹਾਂ ਪੂੰਜੀ ਇਸ ਕੋਠੀ ਨੂੰ ਬਣਾਉਣ ‘ਚ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਉਸ ਦੀ ਮਾਂ ਨੇ ਆਪਣੇ ਗਹਿਣੇ ਦਿੱਤੇ ਅਤੇ ਪਿਤਾ ਨੇ ਪਟਿਆਲਾ ਵਾਲਾ ਪਲਾਟ ਵੇਚ ਕੇ ਨਿਰਮਾਣ ਲਈ ਪੈਸੇ ਭੇਜੇ ਸਨ। ਵਿਸ਼ਾਲ ਨੇ ਦੱਸਿਆ ਕਿ 20 ਮਈ 2015 ਨੂੰ ਉਨ੍ਹਾਂ ਦਾ ਪ੍ਰੇਮ ਵਿਆਹ ਹੋਇਆ ਸੀ। ਹੈਦਰਾਬਾਦ ‘ਚ ਨੌਕਰੀ ਕਰਨ ਕਰਕੇ ਪਤਨੀ ਦੀ ਜਿੱਦ ‘ਤੇ ਉਸ ਨੇ ਜਾਲੰਧਰ ਦੇ ਕੁੱਕੀ ਢਾਬ (ਮੇਹਰ ਐਨਕਲੇਵ) ‘ਚ ਕੋਠੀ ਨੰਬਰ 62 ਬਣਵਾਈ ਸੀ।

ਪਾਵਰ ਆਫ਼ ਅਟਾਰਨੀ ਦੇ ਨਾਂ ‘ਤੇ ਧੋਖਾ ਵਿਸ਼ਾਲ ਨੇ ਦੱਸਿਆ ਕਿ ਹੈਦਰਾਬਾਦ ਹੋਣ ਕਰਕੇ ਕੋਠੀ ਦੇ ਕੰਮਕਾਜ ਦੇ ਬਹਾਨੇ ਸਤਪਾਲ ਨੇ ਉਸ ਤੋਂ ਪਾਵਰ ਆਫ਼ ਅਟਾਰਨੀ ਆਪਣੇ ਨਾਂ ਕਰਵਾ ਲਈ। ਬਾਅਦ ‘ਚ ਉਸ ਨੇ ਧੋਖੇ ਨਾਲ ਟਰਾਂਸਫਰ ਡੀਡ ਆਪਣੇ ਨਾਂ ਕਰਵਾ ਲਈ, ਜਿਸ ਦਾ ਪਤਾ ਵਿਸ਼ਾਲ ਨੂੰ 3 ਫਰਵਰੀ 2026 ਨੂੰ ਪੁਲਿਸ ਥਾਣੇ ‘ਚ ਲੱਗਾ।

ਸੀਸੀਟੀਵੀ ਬੰਦ ਕਰਕੇ ਹੁੰਦੀਆਂ ਸਨ ਸੀਕ੍ਰੇਟ ਮੀਟਿੰਗਾਂ ਦੋਸ਼ ਹੈ ਕਿ ਸਤਪਾਲ ਕੌਰ ਆਪਣੇ ਸਹੁਰੇ ਘਰ ਪਟਿਆਲਾ ਰਹਿਣ ਦੀ ਬਜਾਏ ਇਸੇ ਕੋਠੀ ‘ਚ ਰਹਿੰਦੀ ਸੀ। ਵਿਸ਼ਾਲ ਨੇ ਦਾਅਵਾ ਕੀਤਾ ਕਿ ਉਸ ਦੇ ਮੋਬਾਈਲ ‘ਚ ਘਰ ਦੇ CCTV ਦਾ ਐਕਸੈਸ ਸੀ, ਪਰ ਸਤਪਾਲ ਅਕਸਰ 2-2 ਘੰਟੇ ਲਈ ਕੈਮਰੇ ਬੰਦ ਕਰ ਦਿੰਦੀ ਸੀ। ਬਾਅਦ ‘ਚ ਪਤਾ ਲੱਗਾ ਕਿ ਉਹ ਉਮੰਗ ਬੱਸੀ ਨਾਲ ਸੀਕ੍ਰੇਟ ਮੀਟਿੰਗਾਂ ਕਰਨ ਅਤੇ ਸਰੀਰਕ ਸਬੰਧ ਬਣਾਉਣ ਲਈ ਅਜਿਹਾ ਕਰਦੀ ਸੀ।

ਪੁਲਿਸ ਥਾਣੇ ‘ਚ ਕੁੱਟਮਾਰ ਅਤੇ ਸਿਆਸੀ ਦਬਾਅ ਦੇ ਦੋਸ਼ 3 ਫਰਵਰੀ ਨੂੰ ਜਦੋਂ ਵਿਸ਼ਾਲ ਜਾਲੰਧਰ ਪੁੱਜਾ ਤਾਂ ਉਸ ਨੂੰ ਇਨ੍ਹਾਂ ਦੇ ਰਿਸ਼ਤੇ ਦਾ ਪਤਾ ਲੱਗਾ। ਦੋਸ਼ ਹੈ ਕਿ ਉਮੰਗ ਨੇ ਉਸ ‘ਤੇ ਹਮਲਾ ਕੀਤਾ, ਗਰਦਨ ਘੁੱਟਣ ਦੀ ਕੋਸ਼ਿਸ਼ ਕੀਤੀ ਅਤੇ ਗਾਲੀ-ਗਲੋਚ ਕੀਤਾ। ਜਦੋਂ ਵਿਸ਼ਾਲ ਥਾਣਾ ਡਿਵੀਜ਼ਨ ਨੰਬਰ 7 ‘ਚ ਸ਼ਿਕਾਇਤ ਦੇਣ ਗਿਆ ਤਾਂ ਦੋਵਾਂ ਨੇ ਸਿਆਸੀ ਦਬਾਅ ਪਾ ਕੇ ਉਲਟਾ ਉਸ ਨੂੰ ਹੀ ਲਾਕਅੱਪ ‘ਚ ਬੰਦ ਕਰਵਾ ਦਿੱਤਾ ਅਤੇ ਖਾਲੀ ਕਾਗਜ਼ਾਂ ‘ਚ ਦਸਤਖ਼ਤ ਕਰਵਾ ਲਏ।

ਪ੍ਰਾਪਰਟੀ ਅਤੇ ਪੈਸੇ ਲਈ ਨੇਹਾ ਦਾ ਕਤਲ! ਵਿਸ਼ਾਲ ਦਾ ਦੋਸ਼ ਹੈ ਕਿ ਪੈਸੇ ਅਤੇ ਪ੍ਰਾਪਰਟੀ ‘ਤੇ ਨਜ਼ਰ ਹੋਣ ਕਰਕੇ ਉਮੰਗ ਨੇ ਸਤਪਾਲ ਕੌਰ ਨੂੰ ਆਪਣੇ ਜਾਲ ‘ਚ ਫਸਾਇਆ ਅਤੇ ਬਾਅਦ ‘ਚ ਆਪਣੀ ਪਤਨੀ ਲੈਕਚਰਾਰ ਨੇਹਾ ਦਾ ਕਤਲ ਕਰ ਦਿੱਤਾ।

ਜਾਨ ਨੂੰ ਖ਼ਤਰਾ, ਪੁਲਿਸ ਕਮਿਸ਼ਨਰ ਤੋਂ ਇਨਸਾਫ਼ ਦੀ ਗੁਹਾਰ ਸਾਹਮਣੇ ਆਈਆਂ ਵਟਸਐਪ ਚੈਟਾਂ ਤੋਂ ਬਾਅਦ ਵਿਸ਼ਾਲ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਉਸ ਨੇ ਜਾਲੰਧਰ ਦੇ ਪੁਲਿਸ ਕਮਿਸ਼ਨਰ ਤੋਂ ਗੁਹਾਰ ਲਗਾਈ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਦੀ ਧੀ, ਕੋਠੀ ਦੇ ਕਾਗਜ਼ਾਤ, ਗਹਿਣੇ ਤੇ ਨਕਦੀ ਵਾਪਸ ਦਿਵਾਈ ਜਾਵੇ।

#JalandharNews #JalandharCrime #LecturerNehaMurder #SatpalKaur #UmangBassi #PunjabNews #PunjabCrime #JalandharPolice #CrimeNews #BreakingNewsPunjab