Skip to main content

thepunjabilink.com

ਕਪੂਰਥਲਾ ਦੇ ਪਿੰਡ ਦੇਸਲ ਤੋਂ ਇੱਕ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਹੀ ਦੋਸਤਾਂ ਨੇ ਲਾਸ਼ ਨੂੰ ਝੋਨੇ ਦੇ ਖੇਤਾਂ ਵਿੱਚ ਦੱਬ ਕੇ ਖ਼ੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਘਟਨਾ ਦੇ 14 ਦਿਨਾਂ ਬਾਅਦ ਲਾਸ਼ ਬਰਾਮਦ ਕਰ ਲਈ ਹੈ।

ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਮੰਗਲ ਸਿੰਘ (ਵਾਸੀ ਦੇਸਲ) ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਅਮਨਦੀਪ 14 ਅਗਸਤ ਨੂੰ ਆਪਣੇ ਪਿੰਡ ਦੇ ਦੋਸਤਾਂ ਨਾਲ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਜਦੋਂ ਕੋਈ ਸੁਰਾਗ ਨਾ ਮਿਲਿਆ, ਤਾਂ ਪਰਿਵਾਰ ਨੇ ਮੋਬਾਈਲ ਕਾਲ ਡਿਟੇਲ ਕਢਵਾਈ। ਕਾਲ ਡਿਟੇਲ ਤੋਂ ਪਤਾ ਲੱਗਾ ਕਿ ਅਮਨਦੀਪ ਨੇ ਆਖ਼ਰੀ ਵਾਰ ਆਪਣੇ ਦੋਸਤਾਂ ਨਾਲ ਹੀ ਗੱਲ ਕੀਤੀ ਸੀ।

ਪਰਿਵਾਰ ਦੀ ਸ਼ਿਕਾਇਤ ‘ਤੇ ਥਾਣਾ ਫੱਤੂਢੀਂਗਾ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਦੇ ਦੋ ਨੌਜਵਾਨਾਂ—ਵਰਿੰਦਰ ਅਤੇ ਪਲਵਿੰਦਰ ਉਰਫ਼ ਅਜੇ—ਨੂੰ ਹਿਰਾਸਤ ‘ਚ ਲਿਆ।

ਥਾਣਾ ਫੱਤੂਢੀਂਗਾ ਦੇ ਐਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਕਿ ਨਸ਼ੇ ਦੌਰਾਨ ਅਮਨਦੀਪ ਦੀ ਤਬੀਅਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਖੇਤਾਂ ਵਿੱਚ ਹੀ ਛੱਡ ਕੇ ਭੱਜ ਗਏ। ਅਗਲੇ ਦਿਨ ਮੌਤ ਹੋ ਜਾਣ ‘ਤੇ ਉਨ੍ਹਾਂ ਨੇ ਲਾਸ਼ ਨੂੰ ਝੋਨੇ ਦੇ ਖੇਤ ਵਿੱਚ ਦੱਬ ਦਿੱਤਾ।

ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤੀ ਹੈ। ਪੁਲਿਸ ਅਨੁਸਾਰ ਪੋਸਟਮਾਰਟਮ ਰਿਪੋਰਟ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

#KapurthalaNews #PunjabNews #CrimeNews #OverdoseDeaths #PunjabPolice #FattuDhinga #BreakingNewsPunjabi #DrugMenacePunjab