Skip to main content

thepunjabilink.com

ਰੱਖੜੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਮੋਹਾਲੀ ਦੇ ਏਅਰਪੋਰਟ ਚੌਂਕ ਨੇੜੇ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 3 ਭੈਣਾਂ ਦੇ ਇਕਲੌਤੇ ਭਰਾ ਦੀ ਜਾਨ ਚਲੀ ਗਈ, ਜਿਸ ਨਾਲ ਹੱਸਦੇ-ਵੱਸਦੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।

ਮ੍ਰਿਤਕ ਦੀ ਪਛਾਣ 23 ਸਾਲਾ ਪਰਮਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਨੇੜਲੇ ਪਿੰਡ ਮਛਲੀਕਲਾਂ ਦਾ ਰਹਿਣ ਵਾਲਾ ਸੀ। ਪਰਮਪ੍ਰੀਤ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਕੰਮ ਕਰਦਾ ਸੀ ਅਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ ਦੇ ਸਿਰ ‘ਤੇ ਹੀ ਸੀ।

ਡੇਢ ਘੰਟਾ ਸੜਕ ‘ਤੇ ਤੜਫਦਾ ਰਿਹਾ ਨੌਜਵਾਨ

ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਅਤੇ ਪੁਲਿਸ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਹਾਦਸੇ ਤੋਂ ਬਾਅਦ ਪਰਮਪ੍ਰੀਤ ਲਗਭਗ ਡੇਢ ਘੰਟਾ ਸੜਕ ‘ਤੇ ਹੀ ਪਿਆ ਰਿਹਾ। ਹਾਦਸੇ ਦੀ ਇਤਲਾਹ ਦੇਣ ਦੇ ਬਾਵਜੂਦ ਵੀ ਸਮੇਂ ਸਿਰ ਕੋਈ ਐਂਬੂਲੈਂਸ ਜਾਂ ਪੁਲਿਸ ਟੀਮ ਮੌਕੇ ‘ਤੇ ਨਹੀਂ ਪਹੁੰਚੀ। ਜਦੋਂ ਤੱਕ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਲਾਜ ਮਿਲ ਜਾਂਦਾ ਤਾਂ ਉਨ੍ਹਾਂ ਦੇ ਪੁੱਤ ਦੀ ਜਾਨ ਬਚ ਸਕਦੀ ਸੀ।

ਘਰ ਦਾ ਸੀ ਇੱਕੋ-ਇੱਕ ਸਹਾਰਾ

ਪਰਮਪ੍ਰੀਤ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਡਿਪ੍ਰੈਸ਼ਨ ਦੇ ਮਰੀਜ਼ ਹਨ, ਜਿਸ ਕਾਰਨ ਘਰ ਦੀ ਪੂਰੀ ਆਰਥਿਕ ਜ਼ਿੰਮੇਵਾਰੀ ਪਰਮਪ੍ਰੀਤ ਉੱਤੇ ਹੀ ਸੀ। ਅਜੇ ਉਸ ਨੇ ਆਪਣੀਆਂ 3 ਭੈਣਾਂ ਦੇ ਵਿਆਹ ਕਰਨੇ ਸਨ। ਰੱਖੜੀ ਵਾਲੇ ਦਿਨ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਭੈਣਾਂ ਦਾ ਰੋ-ਰੋ ਬੁਰਾ ਹਾਲ ਹੈ, ਜਿਨ੍ਹਾਂ ਦੇ ਹੱਥਾਂ ਵਿੱਚ ਭਰਾ ਲਈ ਰੱਖੜੀਆਂ ਧਰੀਆਂ ਰਹਿ ਗਈਆਂ।

ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਸਥਾਨਕ ਲੋਕਾਂ ਵਿੱਚ ਪੁਲਿਸ ਤੇ ਐਂਬੂਲੈਂਸ ਦੀ ਦੇਰੀ ਨੂੰ ਲੈ ਕੇ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

#MohaliNews #RoadAccidents #MohaliAccident #AirportChowk #RakshaBandhan #PunjabiNews #TragicAccident #Zirakpur #PunjabPolice #MohaliNewsUpdate