
ਲੁਧਿਆਣਾ ਪੁਲਿਸ ਨੇ ਇੱਕ ਵੱਡੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI ਲਈ ਕੰਮ ਕਰਨ ਵਾਲੇ ਇੱਕ ਦੁਕਾਨਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਰਭਾ ਨਗਰ ਦੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਹ ਮੁਲਜ਼ਮ ਲੁਧਿਆਣਾ ’ਚ ਬੈਠ ਕੇ ਸ਼ਹਿਰ ਦੀਆਂ ਗਤੀਵਿਧੀਆਂ, ਖ਼ਾਸ ਕਰਕੇ ਫ਼ੌਜੀ ਅਤੇ ਸੰਵੇਦਨਸ਼ੀਲ ਇਲਾਕਿਆਂ ਦੀ ਲਾਈਵ ਫੀਡ ਸੀਧੀ ਪਾਕਿਸਤਾਨ ਭੇਜ ਰਿਹਾ ਸੀ।
ਪੁਲਿਸ ਨੂੰ ਖ਼ਦਸ਼ਾ ਹੈ ਕਿ ਇਸ ਜਾਸੂਸੀ ਪਿੱਛੇ ਪਾਕਿਸਤਾਨੀ ਏਜੰਸੀਆਂ ਦੀ ਲੁਧਿਆਣਾ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ੌਫ਼ਨਾਕ ਸਾਜ਼ਿਸ਼ ਸੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਛਪਾਲ ਸਿੰਘ ਵਜੋਂ ਹੋਈ ਹੈ।
ਜਾਸੂਸੀ ਦਾ ਅੱਡਾ ਬਣਾਈ ਸੀ ਕਿਰਾਏ ਦੀ ਦੁਕਾਨ ਮੁਲਜ਼ਮ ਅਸਲ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਸਥਿਤ ਪਿੰਡ ਸਰਫ਼ ਕੋਟ ਦਾ ਰਹਿਣ ਵਾਲਾ ਹੈ। ਉਸ ਨੇ ਲੁਧਿਆਣਾ ਦੇ ਫ਼ਿਰੋਜ਼ਪੁਰ ਰੋਡ ਸਥਿਤ ਨਿਊ ਸੁੰਦਰ ਨਗਰ (ਮੈਡਵੇਜ਼ ਹਸਪਤਾਲ ਦੇ ਸਾਹਮਣੇ, ਪਲਾਟ ਨੰਬਰ-1) ਵਿੱਚ ਇੱਕ ਦੁਕਾਨ ਕਿਰਾਏ ’ਤੇ ਲਈ ਹੋਈ ਸੀ, ਜਿਸ ਨੂੰ ਉਸ ਨੇ ਆਪਣੀ ਜਾਸੂਸੀ ਦਾ ਕੇਂਦਰ ਬਣਾਇਆ ਹੋਇਆ ਸੀ।
ਪਾਕਿਸਤਾਨੀ ਏਜੰਸੀਆਂ ਕੋਲ ਸੀ ਸੀਸੀਟੀਵੀ ਕੈਮਰਿਆਂ ਦਾ ਐਕਸੈਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਛਪਾਲ ਸਿੰਘ ਨੇ ਦੁਕਾਨ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ, ਜਿਨ੍ਹਾਂ ਦੀ ਪੂਰੀ ਲਾਈਵ ਫੀਡ ਅਤੇ ਐਕਸੈਸ ਸਿੱਧਾ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਕੋਲ ਸੀ। ਸਰਹੱਦ ਪਾਰ ਬੈਠੇ ਪਾਕਿਸਤਾਨੀ ਅਧਿਕਾਰੀ ਇਨ੍ਹਾਂ ਕੈਮਰਿਆਂ ਜ਼ਰੀਏ ਲੁਧਿਆਣਾ ਦੀਆਂ ਹਰ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੇ ਸਨ। ਇਸ ਤੋਂ ਇਲਾਵਾ ਮੁਲਜ਼ਮ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਧਮਕੀਆਂ ਦੇਣ ਦਾ ਵੀ ਕੰਮ ਕਰਦਾ ਸੀ।
ਆਫ਼ੀਸ਼ੀਅਲ ਸੀਕਰੇਟ ਐਕਟ ਤਹਿਤ ਮਾਮਲਾ ਦਰਜ ਥਾਣਾ ਸਰਭਾ ਨਗਰ ਦੇ ਐਸ.ਆਈ. ਅਰਸ਼ਦੀਪ ਸਿੰਘ ਨੂੰ ਗਸ਼ਤ ਦੌਰਾਨ ਮਿਲੀ ਖ਼ੁਫ਼ੀਆ ਇਤਲਾਹ ਦੇ ਆਧਾਰ ‘ਤੇ 27 ਅਗਸਤ 2026 ਨੂੰ ਕਾਰਵਾਈ ਕਰਦੇ ਹੋਏ ਮੁਲਜ਼ਮ ਖ਼ਿਲਾਫ਼ ਆਫ਼ੀਸ਼ੀਅਲ ਸੀਕਰੇਟ ਐਕਟ ਤਹਿਤ ਐਫ.ਆਈ.ਆਰ. ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫ਼ਿਲਹਾਲ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਇਹ ਪਤਾ ਲਗਾਉਣ ‘ਚ ਜੁਟੀਆਂ ਹਨ ਕਿ ਕੈਮਰਿਆਂ ਦਾ ਐਕਸੈਸ ਹੋਰ ਕਿਹੜੇ ਲੋਕਾਂ ਕੋਲ ਸੀ ਅਤੇ ਉਸ ਦੇ ਪਾਕਿਸਤਾਨੀ ਕਨੈਕਸ਼ਨ ਦੇ ਤਾਰ ਹੋਰ ਕਿੱਥੇ-ਕਿੱਥੇ ਜੁੜੇ ਹੋਏ ਹਨ।
#LudhianaNews #PunjabNews #ISISpyNetwork #PunjabPolice #LudhianaPolice #OfficialSecretsAct #CrimeNewsPunjab #BreakingNewsPunjab