Skip to main content

thepunjabilink.com

ਦੁਨੀਆ ਭਰ ਵਿੱਚ ਆਪਣੀ ਕਾਮੇਡੀ ਅਤੇ ਹਾਸ-ਰਸ ਅੰਦਾਜ਼ ਨਾਲ ਲੱਖਾਂ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਵਾਲੇ ਮਸ਼ਹੂਰ ਕਲਾਕਾਰ ‘ਤਾਰੀ ਬਾਬਾ’ ਹੁਣ ਸਾਡੇ ਵਿੱਚ ਨਹੀਂ ਰਹੇ। ਜਾਣਕਾਰੀ ਮੁਤਾਬਕ ਦੁਬਈ ਵਿੱਚ ਅਚਾਨਕ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ, ਦੋਸਤਾਂ, ਚਾਹੁਣ ਵਾਲਿਆਂ ਅਤੇ ਪੂਰੇ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ।

ਤਾਰੀ ਬਾਬਾ ਆਪਣੀ ਵੱਖਰੀ ਕਾਮੇਡੀ, ਮਜ਼ੇਦਾਰ ਅੰਦਾਜ਼ ਅਤੇ ਸ਼ਾਨਦਾਰ ਪੇਸ਼ਕਾਰੀ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਲੰਬੇ ਸਮੇਂ ਤੱਕ ਆਪਣੀ ਕਲਾ ਦੇ ਜ਼ਰੀਏ ਹਰ ਉਮਰ ਦੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ।

ਮੋਗਾ ਦੇ ਸਮਾਲਸਰ ‘ਚ ਛਾਇਆ ਮਾਤਮ

ਜਿਉਂ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਮੋਗਾ ਜ਼ਿਲ੍ਹੇ ਦੇ ਪਿੰਡ ਸਮਾਲਸਰ ਪਹੁੰਚੀ, ਤਾਂ ਪੂਰੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ। ਉਨ੍ਹਾਂ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ। ਤਾਰੀ ਬਾਬਾ ਆਪਣੇ ਪਿੱਛੇ ਪਤਨੀ ਰਾਜਵੀਰ ਕੌਰ ਅਤੇ ਇੱਕ ਬੇਟਾ ਵੀਰਪ੍ਰਤਾਪ ਸਿੰਘ ਛੱਡ ਗਏ ਹਨ।

ਪਰਿਵਾਰਕ ਮੈਂਬਰਾਂ—ਬੇਟੇ ਵੀਰਪ੍ਰਤਾਪ ਸਿੰਘ, ਪਤਨੀ ਰਾਜਵੀਰ ਕੌਰ ਅਤੇ ਭਾਣਜੇ ਰਾਕੇਸ਼ ਕੁਮਾਰ—ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਆਪਣੇ ਦੋਸਤ ਕੋਲ ਦੁਬਈ ਗਏ ਸਨ, ਜਿੱਥੇ ਉਹ ਆਪਣੇ ਸ਼ੋਅ (ਪ੍ਰੋਗਰਾਮ) ਕਰ ਰਹੇ ਸਨ। ਬੀਤੇ ਦਿਨ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਜਦੋਂ ਉਨ੍ਹਾਂ ਨੂੰ ਡਾਕਟਰ ਕੋਲ ਲਿਜਾਇਆ ਜਾ ਰਿਹਾ ਸੀ, ਤਾਂ ਰਸਤੇ ਵਿੱਚ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਓਧਰ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਲਾਕਾਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਤਾਰੀ ਬਾਬਾ ਦਾ ਹਸਾਉਣ ਵਾਲਾ ਅੰਦਾਜ਼ ਅਤੇ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੀਆਂ।

#TariBaba #TariBabaPassedAway #TariBabaDubai #PunjabNews #MogaNews #Smalsar #ComedyKing #PunjabiArtist #RIP #PunjabiNews #BreakingNews