
ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਕਾਫ਼ਲਾ ਖਨੌਰੀ ਬਾਰਡਰ ‘ਤੇ ਪਹੁੰਚ ਚੁੱਕਾ ਹੈ। ਦੂਜੇ ਪਾਸੇ, ਹਰਿਆਣਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਭਾਰੀ ਬੈਰੀਕੇਡਿੰਗ ਕੀਤੀ ਗਈ ਹੈ।
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨਾਂ ਵੱਲੋਂ ਇਸ ਵਾਰ ਕੋਈ ਰਸਤਾ ਨਹੀਂ ਰੋਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨ ਪਿਛਲੇ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮਿੱਟੀ ਮਟਕੇ ਵਿੱਚ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵੱਲ ਰਵਾਨਾ ਹੋਣਗੇ।
ਗੱਲਬਾਤ ਲਈ 5 ਮੈਂਬਰੀ ਕਮੇਟੀ ਡੱਲੇਵਾਲ ਅਨੁਸਾਰ, ਸਭ ਤੋਂ ਪਹਿਲਾਂ ਕਿਸਾਨਾਂ ਦੇ 5 ਮੈਂਬਰ ਹਰਿਆਣਾ ਪੁਲਿਸ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਨਗੇ ਅਤੇ ਅੱਗੇ ਲੰਘਣ ਲਈ ਰਸਤੇ ਦੀ ਮੰਗ ਕਰਨਗੇ। ਜੇਕਰ ਪ੍ਰਸ਼ਾਸਨ ਵੱਲੋਂ ਰਸਤਾ ਨਹੀਂ ਦਿੱਤਾ ਜਾਂਦਾ, ਤਾਂ ਕਿਸਾਨ ਸੜਕ ਦੇ ਸਾਈਡ ‘ਤੇ ਹੀ ਸ਼ਾਂਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਸ਼ੁਰੂ ਕਰਨਗੇ।
14 ਦਿਨਾਂ ਦੀ ਤਿਆਰੀ ਨਾਲ ਆਏ ਕਿਸਾਨ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਕਿਸਾਨ ਘਰਾਂ ਤੋਂ 14 ਦਿਨਾਂ ਦੇ ਕੱਪੜੇ ਅਤੇ ਜ਼ਰੂਰੀ ਸਾਮਾਨ ਨਾਲ ਲੈ ਕੇ ਆਏ ਹਨ। ਉਨ੍ਹਾਂ ਕਿਹਾ, “ਜੇਕਰ ਹਰਿਆਣਾ ਪ੍ਰਸ਼ਾਸਨ ਸਾਨੂੰ ਰਸਤਾ ਨਹੀਂ ਦਿੰਦਾ, ਤਾਂ ਅਸੀਂ ਸਾਈਡ ‘ਤੇ ਬੈਠ ਕੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਕਰਾਂਗੇ ਅਤੇ ਰਸਤਾ ਖੁਲ੍ਹਵਾਉਣ ਦੀ ਮੰਗ ਕਰਾਂਗੇ।”
“ਅਸੀਂ ਨਹੀਂ, ਪੁਲਿਸ ਨੇ ਰੋਕਿਆ ਹੈ ਰਸਤਾ” ਉਨ੍ਹਾਂ ਯਾਦ ਦਿਵਾਇਆ ਕਿ ਪਿਛਲੇ ਮੋਰਚੇ ਦੌਰਾਨ ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਕਿਸੇ ਨੂੰ ਵੀ ਆਮ ਰਸਤਾ ਰੋਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਵਾਰ ਕਿਸਾਨਾਂ ਨੇ ਨਹੀਂ, ਸਗੋਂ ਪੁਲਿਸ ਪ੍ਰਸ਼ਾਸਨ ਨੇ ਆਪ ਬੈਰੀਕੇਡ ਲਗਾ ਕੇ ਰਸਤਾ ਰੋਕਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੁਹਰਾਇਆ ਕਿ ਉਨ੍ਹਾਂ ਦਾ ਪ੍ਰਦਰਸ਼ਨ ਬਿਲਕੁਲ ਸ਼ਾਂਤਮਈ ਹੈ ਅਤੇ ਸਰਕਾਰ ਵੱਲੋਂ ਰੋਕੇ ਜਾਣ ‘ਤੇ ਉਹ ਸ਼ਾਂਤਮਈ ਢੰਗ ਨਾਲ ਸਾਈਡ ‘ਤੇ ਬੈਠ ਕੇ ਆਪਣਾ ਰੋਸ ਪ੍ਰਗਟ ਕਰਨਗੇ।
#FarmerProtest #KhanauriBorder #JagjitSinghDallewal #ShubhKaranSingh #KisanAndolan #DelhiChalo #JantarMantar #FarmersProtest2026 #PunjabNews #LatestPunjabiNews #PunjabFarmers #KisanUnion #FarmerNews