
ਸ਼ਹਿਰ ਦੇ ਗੁਰੂ ਨਾਨਕ ਹਸਪਤਾਲ ‘ਚੋਂ ਗੁੰਡਾਗਰਦੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 10 ਤੋਂ 12 ਨੌਜਵਾਨਾਂ ਨੇ ਮਿਲ ਕੇ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਹਮਲਾਵਰਾਂ ਨੇ ਪੀੜਤ ਦੇ ਸਿਰ ‘ਤੇ ਕੜੇ ਨਾਲ ਵਾਰ ਕੀਤਾ, ਜਿਸ ਨਾਲ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਲਹੂ-ਲੁਹਾਨ ਹਾਲਤ ‘ਚ ਜ਼ਮੀਨ ‘ਤੇ ਡਿੱਗ ਕੇ ਬੇਹੋਸ਼ ਹੋ ਗਿਆ।
ਚਾਹ ਦੇ ਛਿੱਟੇ ਪੈਣ ਦਾ ਕੀਤਾ ਸੀ ਵਿਰੋਧ
ਹੋਸ਼ ਆਉਣ ਤੋਂ ਬਾਅਦ ਜ਼ਖਮੀ ਨੌਜਵਾਨ ਸੌਰਭ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਬੱਚਾ ਅਤੇ ਸਾਹਮਣੇ ਵਾਲੇ ਮਰੀਜ਼ ਦਾ ਬੱਚਾ ਹਸਪਤਾਲ ਦੀ ਮਸ਼ੀਨ (ਨਰਸਰੀ) ਵਿੱਚ ਰੱਖੇ ਹੋਏ ਹਨ। ਇਸੇ ਦੌਰਾਨ ਉਸ ਨੇ ਦੇਖਿਆ ਕਿ ਇੱਕ ਵਿਅਕਤੀ ਆਪਣੀ ਪਤਨੀ ਨਾਲ ਕੁੱਟਮਾਰ ਕਰ ਰਿਹਾ ਸੀ।
ਸੌਰਭ ਮੁਤਾਬਕ, ਜਦੋਂ ਉਸ ਵਿਅਕਤੀ ਨੇ ਆਪਣੀ ਪਤਨੀ ਦੇ ਮੁੱਖ ‘ਤੇ ਗਰਮ ਚਾਹ ਸੁੱਟੀ, ਤਾਂ ਚਾਹ ਦੇ ਕੁਝ ਛਿੱਟੇ ਸੌਰਭ ਅਤੇ ਉਸ ਦੀ ਪਤਨੀ ‘ਤੇ ਵੀ ਆ ਪਏ। ਸੌਰਭ ਨੇ ਸਿਰਫ਼ ਇੰਨਾ ਹੀ ਕਿਹਾ ਸੀ ਕਿ ਉਹ ਆਪਣੀ ਪਤਨੀ ਨਾਲ ਜੋ ਮਰਜ਼ੀ ਕਰੇ, ਪਰ ਉਨ੍ਹਾਂ ‘ਤੇ ਚਾਹ ਦੇ ਛਿੱਟੇ ਨਾ ਪਾਵੇ। ਇਸੇ ਗੱਲ ਤੋਂ ਤੈਸ਼ ‘ਚ ਆ ਕੇ ਦੋਸ਼ੀ ਨੇ ਉਸ ਨੂੰ ਦੇਖ ਲੈਣ ਦੀ ਧਮਕੀ ਦਿੱਤੀ।
10-12 ਨੌਜਵਾਨਾਂ ਨੇ ਘੇਰ ਕੇ ਕੀਤਾ ਹਮਲਾ
ਸੌਰਭ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਜਦੋਂ ਉਹ ਆਪਣੇ ਬੱਚੇ ਲਈ ਖਾਣਾ ਲੈਣ ਹਸਪਤਾਲ ਦੀ ਹੇਠਲੀ ਮੰਜ਼ਿਲ ‘ਤੇ ਆਇਆ, ਤਾਂ ਦੋਸ਼ੀ ਆਪਣੇ ਨਾਲ 10 ਤੋਂ 12 ਅਣਪਛਾਤੇ ਨੌਜਵਾਨਾਂ ਨੂੰ ਲੈ ਕੇ ਆ ਗਿਆ। ਸਾਰੇ ਹਮਲਾਵਰਾਂ ਨੇ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਸਿਰ ‘ਤੇ ਕੜੇ ਨਾਲ ਕਈ ਵਾਰ ਕੀਤੇ।
ਸੁਰੱਖਿਆ ‘ਤੇ ਉੱਠੇ ਸਵਾਲ: ਪੀੜਤ ਨੇ ਦੋਸ਼ ਲਗਾਇਆ ਕਿ ਹਸਪਤਾਲ ਵਿੱਚ ਸਕਿਓਰਿਟੀ ਗਾਰਡ ਤਾਇਨਾਤ ਹੋਣ ਦੇ ਬਾਵਜੂਦ ਉਸ ਨੂੰ ਬਚਾਉਣ ਲਈ ਕੋਈ ਅੱਗੇ ਨਹੀਂ ਆਇਆ।
ਗਰੀਬ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੀੜਤ ਸੌਰਭ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਉਸ ਦੀ ਪਤਨੀ ਅਤੇ ਨਵਜੰਮਿਆ ਬੱਚਾ ਦੋਵੇਂ ਹਸਪਤਾਲ ‘ਚ ਭਰਤੀ ਹਨ। ਹੁਣ ਸਿਰ ‘ਚ ਗੰਭੀਰ ਸੱਟ ਲੱਗਣ ਕਾਰਨ ਉਹ ਕੰਮ ਕਰਨ ਦੀ ਸਥਿਤੀ ‘ਚ ਨਹੀਂ ਹੈ, ਜਿਸ ਕਾਰਨ ਉਸ ਨੂੰ ਪਰਿਵਾਰ ਦੇ ਇਲਾਜ ਅਤੇ ਰੋਜ਼ਾਨਾ ਦੇ ਖਰਚਿਆਂ ਦੀ ਚਿੰਤਾ ਸਤਾ ਰਹੀ ਹੈ। ਪੀੜਤ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
#AmritsarNews #GuruNanakHospital #AmritsarCrime #PunjabNews #CrimeUpdate #AmritsarPolice #BreakingNewsPunjab