Skip to main content

thepunjabilink.com

ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 7 ਤੋਂ ਇੱਕ ਬਹੁਤ ਹੀ ਖੌਫ਼ਨਾਕ ਅਤੇ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੇ ਹੀ ਪਿਤਾ ਅਤੇ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਪਿਤਾ ਅਯੋਧਿਆ ਪ੍ਰਕਾਸ਼ ਅਤੇ ਪਤਨੀ ਸਵਿਤਾ ਵਜੋਂ ਹੋਈ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀ ਪਛਾਣ 42 ਸਾਲਾ ਹੀਰਾ ਲਾਲ ਵਜੋਂ ਹੋਈ ਹੈ। ਇਸ ਦੋਹਰੇ ਕਤਲਕਾਂਡ ਤੋਂ ਬਾਅਦ ਪੂਰੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਹੋਇਆ ਝਗੜਾ

ਮਿਲੀ ਜਾਣਕਾਰੀ ਮੁਤਾਬਕ ਹੀਰਾ ਲਾਲ ਦੇ 4 ਬੱਚੇ ਹਨ। ਘਟਨਾ ਵਾਲੇ ਦਿਨ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਹੀਰਾ ਲਾਲ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਨੂੰ ਲੈ ਕੇ ਝਗੜਾ ਹੋ ਗਿਆ। ਗੁੱਸੇ ਵਿੱਚ ਆ ਕੇ ਹੀਰਾ ਲਾਲ ਨੇ ਘਰ ‘ਚ ਪਏ ਸਾਮਾਨ ਨਾਲ ਪਤਨੀ ਅਤੇ ਪਿਤਾ ‘ਤੇ ਤਾਬੜਤੋੜ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮਾਸੂਮ ਬੱਚਿਆਂ ਨੇ ਦੇਖੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ

ਇਸ ਖੌਫ਼ਨਾਕ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਬੱਚੇ ਦੁਪਹਿਰ ਸਮੇਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਪਰਤੇ। ਘਰ ਦਾ ਦ੍ਰਿਸ਼ ਦੇਖ ਕੇ ਬੱਚਿਆਂ ਦੇ ਹੋਸ਼ ਉੱਡ ਗਏ—ਉਨ੍ਹਾਂ ਦੀ ਮਾਂ ਅਤੇ ਦਾਦਾ ਖ਼ੂਨ ਨਾਲ ਲੱਥਪੱਥ ਪਏ ਸਨ। ਬੱਚਿਆਂ ਦੇ ਰੋਣ ਅਤੇ ਰੌਲਾ ਪਾਉਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋਏ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।

30 ਸਾਲਾਂ ਤੋਂ ਰਹਿ ਰਿਹਾ ਸੀ ਪ੍ਰਵਾਸੀ ਪਰਿਵਾਰ

ਘਟਨਾ ਦੀ ਸੂਚਨਾ ਮਿਲਦਿਆਂ ਹੀ ADCP ਰਾਕੇਸ਼ ਯਾਦਵ ਅਤੇ ACP ਆਤਿਸ਼ ਭਾਟੀਆ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਦੱਸਿਆ ਕਿ ਇਹ ਪਰਿਵਾਰ ਮੂਲ ਰੂਪ ‘ਚ ਪ੍ਰਵਾਸੀ ਹੈ ਅਤੇ ਪਿਛਲੇ 30 ਸਾਲਾਂ ਤੋਂ ਇਸੇ ਇਲਾਕੇ ‘ਚ ਆਪਣੇ ਘਰ ‘ਚ ਰਹਿ ਰਿਹਾ ਸੀ। ਘਟਨਾ ਦੇ ਸਮੇਂ ਦੋਸ਼ੀ ਦੀ ਬਜ਼ੁਰਗ ਮਾਂ ਘਰ ਦੀ ਪਹਿਲੀ ਮੰਜ਼ਿਲ ‘ਤੇ ਮੌਜੂਦ ਸੀ, ਜੋ ਬੀਮਾਰੀ ਕਾਰਨ ਤੁਰਨ-ਫਿਰਨ ਤੋਂ ਅਸਮਰੱਥ ਹੈ।

ਨਸ਼ੇ ਦਾ ਆਦੀ ਹੈ ਦੋਸ਼ੀ, ਪੁਲਿਸ ਵੱਲੋਂ ਮਾਮਲਾ ਦਰਜ

ਪੁਲਿਸ ਦੀ ਮੁਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਹੀਰਾ ਲਾਲ ਨਸ਼ੇ ਦਾ ਆਦੀ ਹੈ ਅਤੇ ਘਰ ‘ਚ ਅਕਸਰ ਕਲੇਸ਼ ਰਹਿੰਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

#JalandharNews #DoubleMurder #JalandharCrime #PunjabNews #JalandharPolice #AvtarNagar #CrimeNews #PunjabCrime #BreakingNewsPunjab