
ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਸ਼ਰਧਾ ਅਤੇ ਭਾਵਨਾ ਨਾਲ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਪਵਿੱਤਰ ਅੰਮ੍ਰਿਤ ਸਰੋਵਰ ਪਰਿਸਰ ਵਿੱਚ ਪਰਿਕਰਮਾ ਕੀਤੀ ਅਤੇ ਗੁਰੂ ਘਰ ਬੈਠ ਕੇ ਮਨੋਹਰ ਕੀਰਤਨ ਦਾ ਆਨੰਦ ਮਾਣਿਆ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸ਼ੁਕਰਾਨੇ ਦੀ ਅਰਦਾਸ ਕਰਦਿਆਂ ਰਣਜੀਤ ਬਾਵਾ ਨੇ ਆਪਣੀਆਂ ਆਉਣ ਵਾਲੀਆਂ ਸਫਲਤਾਵਾਂ ਅਤੇ ਜੀਵਨ ਵਿੱਚ ਮਿਲੀਆਂ ਨੇਮਤਾਂ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਣਜੀਤ ਬਾਵਾ ਨੇ ਕਿਹਾ:
“ਗੁਰੂ ਰਾਮਦਾਸ ਜੀ ਦੇ ਦਰ ’ਤੇ ਆ ਕੇ ਹਮੇਸ਼ਾ ਹੀ ਆਤਮਿਕ ਸ਼ਾਂਤੀ ਮਿਲਦੀ ਹੈ। ਜਦੋਂ ਵੀ ਮੇਰਾ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਹੁੰਦਾ ਹੈ—ਚਾਹੇ ਉਹ ਪ੍ਰੋਜੈਕਟ ਤੋਂ ਪਹਿਲਾਂ ਹੋਵੇ ਜਾਂ ਬਾਅਦ ਵਿੱਚ—ਮੈਂ ਹਮੇਸ਼ਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸ਼ੁਕਰਾਨਾ ਕਰਨ ਲਈ ਜ਼ਰੂਰ ਆਉਂਦਾ ਹਾਂ। ਗੁਰੂ ਦਰਬਾਰ ਤੋਂ ਵੱਡੀ ਹੋਰ ਕੋਈ ਥਾਂ ਨਹੀਂ ਹੈ ਅਤੇ ਇਸ ਲਈ ਮੈਂ ਇੱਥੇ ਸਿਰਫ਼ ਨਤਮਸਤਕ ਹੋ ਕੇ ਆਸ਼ੀਰਵਾਦ ਲੈਣ ਆਇਆ ਹਾਂ।”
ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਕਿਸੇ ਨਵੇਂ ਪ੍ਰੋਜੈਕਟ ਜਾਂ ਹੋਰ ਮੁੱਦਿਆਂ ਬਾਰੇ ਸਵਾਲ ਪੁੱਛਣੇ ਚਾਹੇ, ਤਾਂ ਉਨ੍ਹਾਂ ਬੜੀ ਨਮਰਤਾ ਨਾਲ ਕਿਹਾ ਕਿ ਉਹ ਇਸ ਸਮੇਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਨ ਅਤੇ ਇੱਥੇ ਹੋਰ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ, ਕਿਉਂਕਿ ਗੁਰੂ ਸਾਹਿਬ ਤੋਂ ਵੱਡਾ ਹੋਰ ਕੋਈ ਨਹੀਂ ਹੈ। ਇਸ ਮੌਕੇ ਗੁਰੂ ਘਰ ਆਈਆਂ ਸੰਗਤਾਂ ਅਤੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਗੁਰੂ ਪਰਿਸਰ ਵਿੱਚ ਦੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।