Skip to main content

thepunjabilink.com

ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾ ਕੇ ਉਨ੍ਹਾਂ ‘ਤੇ ਨੱਥ ਪਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਸ਼ਰੇਆਮ 24 ਘੰਟੇ ਲੱਗੇ ਪੁਲਿਸ ਨਾਕਿਆਂ ਦੇ ਬਾਵਜੂਦ ਫਿਰੌਤੀਆਂ ਲਈ ਫਾਇਰਿੰਗ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।

ਅਜਿਹਾ ਹੀ ਇੱਕ ਤਾਜ਼ਾ ਮਾਮਲਾ ਤਰਨ ਤਾਰਨ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ 50 ਲੱਖ ਰੁਪਏ ਦੀ ਫਿਰੌਤੀ ਨਾ ਦੇਣ ‘ਤੇ ਇੱਕ ਰਿਜ਼ੋਰਟ ਮਾਲਕ ਦੇ ਘਰ ‘ਤੇ ਤਾਬੜਤੋੜ ਫਾਇਰਿੰਗ ਕੀਤੀ ਗਈ। ਇੰਨਾ ਹੀ ਨਹੀਂ, ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਅਧਿਕਾਰੀ ਕੋਲ ਇਨਸਾਫ਼ ਅਤੇ ਸੁਰੱਖਿਆ ਦੀ ਗੁਹਾਰ ਲਗਾਉਣ ‘ਤੇ ਉਨ੍ਹਾਂ ਨੂੰ ਮਦਦ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਗਿਆ।

ਜੂਨ ਮਹੀਨੇ ਆਈ ਸੀ ਫਿਰੌਤੀ ਦੀ ਕਾਲ

ਸ੍ਰੀ ਚੰਦਰ ਕਲੋਨੀ ਦੇ ਰਹਿਣ ਵਾਲੇ ਅਤੇ ਅੰਮ੍ਰਿਤਸਰ ਰੋਡ ‘ਤੇ ਸਥਿਤ ‘ਮੈਜਿਸਟਿਕ ਵਿਲਾਹ’ ਰਿਜ਼ੋਰਟ ਦੇ ਮਾਲਕ ਗੁਰਮੁਖ ਸਿੰਘ ਉਰਫ਼ ਸੰਨੀ ਨੇ ਦੱਸਿਆ ਕਿ ਬੀਤੇ ਜੂਨ ਮਹੀਨੇ ਵਿੱਚ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਵੱਖ-ਵੱਖ ਗੈਂਗਸਟਰਾਂ ਦੇ ਨਾਂ ‘ਤੇ ਫਿਰੌਤੀ ਲਈ ਫੋਨ ਆਏ ਸਨ। ਇਸ ਦੀ ਸ਼ਿਕਾਇਤ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੂੰ ਦਿੱਤੀ ਗਈ ਸੀ, ਪਰ ਮੋਬਾਈਲ ਰਿਕਾਰਡਿੰਗ ਨਾ ਹੋਣ ਕਾਰਨ ਪੁਲਿਸ ਨੇ ਪਰਚਾ ਦਰਜ ਕਰਨ ਦੀ ਬਜਾਏ ਸਿਰਫ਼ ਰਪਟ ਹੀ ਦਰਜ ਕੀਤੀ।

8 ਅਗਸਤ ਦੀ ਰਾਤ ਘਰ ‘ਤੇ ਹੋਈ ਫਾਇਰਿੰਗ

ਗੁਰਮੁਖ ਸਿੰਘ ਮੁਤਾਬਕ 8 ਅਗਸਤ ਦੀ ਰਾਤ ਕਰੀਬ 10 ਵਜੇ ਜਦੋਂ ਉਹ ਪਰਿਵਾਰ ਸਮੇਤ ਘਰ ਵਿੱਚ ਸਨ, ਤਾਂ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਘਰ ਦੇ ਬਾਹਰ 3 ਰੌਂਦ ਫਾਇਰ ਕੀਤੇ। ਵਾਰਦਾਤ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ, ਪਰ ਪਰਿਵਾਰ ਨੂੰ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ।

ਮੁੜ ਵਾਰਦਾਤ ਦੀ ਕੋਸ਼ਿਸ਼ ਅਤੇ ਰੇਕੀ: ਪਰਿਵਾਰ ਨੇ ਦੱਸਿਆ ਕਿ ਫਾਇਰਿੰਗ ਤੋਂ ਦੋ ਦਿਨ ਬਾਅਦ ਰਾਤ 2 ਵਜੇ ਦੋ ਮੋਟਰਸਾਈਕਲ ਸਵਾਰ ਗਲੀ ਦਾ ਗੇਟ ਟੱਪਣ ਦੀ ਕੋਸ਼ਿਸ਼ ਕਰਦੇ ਦੇਖੇ ਗਏ, ਜੋ ਬਾਅਦ ਵਿੱਚ ਇੰਟਰਨੈੱਟ ਕੇਬਲ ਵੱਢ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਰੋਜ਼ਾਨਾ ਸ਼ੱਕੀ ਗੱਡੀਆਂ ਅਤੇ ਮੋਟਰਸਾਈਕਲ ਸਵਾਰ ਉਨ੍ਹਾਂ ਦੀ ਗਲੀ ਬਾਹਰ ਖੜ੍ਹੇ ਕੇ ਰੇਕੀ ਕਰ ਰਹੇ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਅਤੇ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ।

ਐੱਸ.ਪੀ. ‘ਤੇ ਲੱਗੇ ਗੰਭੀਰ ਦੋਸ਼

ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਮੰਗਲਵਾਰ ਨੂੰ ਐੱਸ.ਐੱਸ.ਪੀ. ਦਫ਼ਤਰ ਵਿਖੇ ਐੱਸ.ਪੀ. ਡਿਟੈਕਟਿਵ ਰਿਪੂਤਾਪਨ ਸਿੰਘ ਨੂੰ ਮਿਲਣ ਪਹੁੰਚੇ, ਤਾਂ ਉਨ੍ਹਾਂ ਨੂੰ ਅੱਧਾ ਘੰਟਾ ਬਾਹਰ ਬਿਠਾ ਕੇ ਰੱਖਿਆ ਗਿਆ। ਜਦੋਂ ਪੀੜਤ ਦੀ ਪਤਨੀ ਨੇ ਦਫ਼ਤਰ ਤੋਂ ਬਾਹਰ ਆ ਰਹੇ ਐੱਸ.ਪੀ. ਨੂੰ ਹੱਥ ਜੋੜ ਕੇ ਮਦਦ ਦੀ ਅਪੀਲ ਕੀਤੀ, ਤਾਂ ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ “ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ।”

(ਨੋਟ: ਇਸ ਸਬੰਧੀ ਜਦੋਂ ਐੱਸ.ਪੀ. ਇਨਵੈਸਟੀਗੇਸ਼ਨ ਰਿਪੂਤਾਪਨ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।)

ਐੱਸ.ਐੱਸ.ਪੀ. ਦਾ ਪੱਖ

ਮਾਮਲੇ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ 24 ਘੰਟੇ ਤਿਆਰ ਹੈ।

ਫਿਲਹਾਲ ਖ਼ੌਫ਼ ਦੇ ਮਾਹੌਲ ਵਿੱਚ ਜੀਅ ਰਹੇ ਪਰਿਵਾਰ ਨੇ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਅਤੇ ਐੱਸ.ਐੱਸ.ਪੀ. ਤਰਨ ਤਾਰਨ ਪਾਸੋਂ ਤੁਰੰਤ ਸੁਰੱਖਿਆ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

#TarnTaranNews #ExtortionFiring #PunjabPolice #TarnTaranPolice #GangsterNexus #CrimeInPunjab #PunjabNews #MajesticVillah #PunjabCrime #LawAndOrder