
ਪੰਜਾਬ ਵਿਧਾਨ ਸਭਾ ਵਿੱਚ ਨਹਿਰੀ ਪਾਣੀ ਅਤੇ ਖੇਤਾਂ ਦੀਆਂ ਟੇਲਾਂ (ਆਖਰੀ ਹਿੱਸਿਆਂ) ਤੱਕ ਪਾਣੀ ਪਹੁੰਚਾਉਣ ਦੇ ਮੁੱਦੇ ‘ਤੇ ਬੋਲਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਸਰਕਾਰ ਦੇ ਯਤਨਾਂ ਅਤੇ ਅੰਕੜਿਆਂ ਦਾ ਵੇਰਵਾ ਸਾਂਝਾ ਕੀਤਾ। ਮੰਤਰੀ ਬਰਿੰਦਰ ਗੋਇਲ ਨੇ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਵੱਲੋਂ ਅਬੋਹਰ ਅਤੇ ਫ਼ਾਜ਼ਿਲਕਾ ਵਰਗੇ ਦੂਰ-ਦੁਰਾਡੇ ਦੇ ਖੇਤਰਾਂ ਤੱਕ ਨਹਿਰੀ ਪਾਣੀ ਦੀ ਸੁਚੱਜੀ ਪਹੁੰਚ ਯਕੀਨੀ ਬਣਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਹਿਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਕਦਮ ਚੁੱਕੇ ਗਏ ਹਨ। ਫ਼ਿਰੋਜ਼ਪੁਰ ਫ਼ੀਡਰ ਅਤੇ ਸਰਹਿੰਦ ਫ਼ੀਡਰ ਦੀ ਜਲ ਸਮਰੱਥਾ ਨੂੰ 11,192 ਕਿਊਸਿਕ ਤੋਂ ਵਧਾ ਕੇ 13,873 ਕਿਊਸਿਕ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ।
ਮੰਤਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀਆਂ ਨਹਿਰਾਂ ਦੀ ਕੁੱਲ ਸਮਰੱਥਾ 36,000 ਕਿਊਸਿਕ ਹੈ, ਪਰ ਬਿਹਤਰ ਪ੍ਰਬੰਧਨ ਅਤੇ ਯੋਜਨਾਬੰਦੀ ਸਦਕਾ ਅੱਜ ਸੂਬੇ ਦੀਆਂ ਨਹਿਰਾਂ ਵਿੱਚ 39,000 ਕਿਊਸਿਕ ਪਾਣੀ ਵਗ ਰਿਹਾ ਹੈ, ਤਾਂ ਜੋ ਹਰ ਖੇਤ ਤੱਕ ਪੂਰਾ ਪਾਣੀ ਪਹੁੰਚਾਇਆ ਜਾ ਸਕੇ।