
ਦੁਨੀਆ ਭਰ ਵਿੱਚ ਔਰਤਾਂ ਹਰ ਖੇਤਰ ਵਿੱਚ ਆਪਣੀ ਖਾਸ ਪਛਾਣ ਬਣਾ ਰਹੀਆਂ ਹਨ, ਪਰ ਇਸ ਦੇ ਬਾਵਜੂਦ ਲਿੰਗ ਅਸਮਾਨਤਾ (Gender Inequality) ਅੱਜ ਵੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਹਾਲ ਹੀ ਵਿੱਚ ਹੋਈ ਇੱਕ ਵਿਆਪਕ ਖੋਜ ਵਿੱਚ ਇੱਕ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਜੇਕਰ ਔਰਤ ਆਪਣੇ ਪਤੀ ਨਾਲੋਂ ਵੱਧ ਕਮਾਉਂਦੀ ਹੈ, ਤਾਂ ਅਜਿਹੇ ਰਿਸ਼ਤਿਆਂ ਵਿੱਚ ਤਲਾਕ ਦੀ ਸੰਭਾਵਨਾ 36% ਤੱਕ ਵੱਧ ਜਾਂਦੀ ਹੈ।
ਇਹ ਅਧਿਐਨ ਪੈਨਸਿਲਵੇਨੀਆ ਯੂਨੀਵਰਸਿਟੀ ਦੀ ਖੋਜਕਰਤਾ ਪਿਲਰ ਗੋਨਾਲੋਸ-ਪੋਂਸ ਦੀ ਅਗਵਾਈ ਹੇਠ ਕੀਤਾ ਗਿਆ। ਇਸ ਖੋਜ ਵਿੱਚ 2004 ਤੋਂ 2020 (16 ਸਾਲਾਂ) ਤੱਕ 29 ਦੇਸ਼ਾਂ ਦੇ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਪੱਖਾਂ ਦਾ ਗੰਭੀਰ ਅਧਿਐਨ ਕੀਤਾ ਗਿਆ।
ਅਧਿਐਨ ਦੇ ਮੁੱਖ ਹਾਈਲਾਈਟਸ:
- 5,44,911 ਜੋੜਿਆਂ ‘ਤੇ ਅਧਿਐਨ: ਇਹ ਖੋਜ ਵਿਆਹੇ ਅਤੇ ਲਿਵ-ਇਨ (ਨਾਲ ਰਹਿਣ ਵਾਲੇ) ਜੋੜਿਆਂ ‘ਤੇ ਕੀਤੀ ਗਈ।
- ਬੱਚੇ ਹੋਣ ‘ਤੇ ਖਤਰਾ 49% ਤੱਕ: ਜੇਕਰ ਜੋੜੇ ਦੇ ਬੱਚੇ ਹਨ ਅਤੇ ਪਤਨੀ ਦੀ ਆਮਦਨ ਵੱਧ ਹੈ, ਤਾਂ ਤਲਾਕ ਦੀ ਸੰਭਾਵਨਾ ਵੱਧ ਕੇ 49% ਤੱਕ ਹੋ ਜਾਂਦੀ ਹੈ।
- ਬਿਨਾਂ ਬੱਚਿਆਂ ਵਾਲੇ ਜੋੜੇ: ਬਿਨਾਂ ਬੱਚਿਆਂ ਵਾਲੇ ਜੋੜਿਆਂ ਵਿੱਚ ਅਲੱਗ ਹੋਣ ਦੇ ਆਸਾਰ 23% ਦੇਖੇ ਗਏ।
- ਪਰੰਪਰਾਗਤ ਸੋਚ: ਜਰਨਲ ਆਫ਼ ਮੈਰਿਜ ਐਂਡ ਫੈਮਿਲੀ ਵਿੱਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਅੱਜ ਵੀ ਸਮਾਜ ਵਿੱਚ ਇਹ ਧਾਰਨਾ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਕਿ ‘ਮਰਦ ਹੀ ਪਰਿਵਾਰ ਦਾ ਮੁੱਖ ਕਮਾਊ ਹੋਣਾ ਚਾਹੀਦਾ ਹੈ’।
ਕੀ ਸਿਰਫ਼ ਪੁਰਾਣੀ ਸੋਚ ਹੀ ਜ਼ਿੰਮੇਵਾਰ ਹੈ?
ਖੋਜਕਰਤਾਵਾਂ ਅਨੁਸਾਰ, ਚਾਹੇ ਦੇਸ਼ ਰੂੜ੍ਹੀਵਾਦੀ ਹੋਵੇ ਜਾਂ ਆਧੁਨਿਕ, ਦੋਵਾਂ ਥਾਵਾਂ ‘ਤੇ ਅਲੱਗ ਹੋਣ ਦੇ ਅੰਕੜੇ ਲਗਭਗ ਇੱਕੋ ਜਿਹੇ ਪਾਏ ਗਏ ਹਨ। ਰਿਸ਼ਤਿਆਂ ਵਿੱਚ ਤਣਾਅ ਦਾ ਵੱਡਾ ਕਾਰਨ ਸਿਰਫ਼ ਮਰਦਾਂ ਦੀ ਮਾਨਸਿਕਤਾ ਹੀ ਨਹੀਂ, ਸਗੋਂ ਬੱਚਿਆਂ ਦੀ ਜ਼ਿੰਮੇਵਾਰੀ ਅਤੇ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਨੂੰ ਲੈ ਕੇ ਹੋਣ ਵਾਲੇ ਝਗੜੇ ਵੀ ਹਨ।
ਆਰਥਿਕ ਆਤਮਨਿਰਭਰਤਾ ਔਰਤਾਂ ਨੂੰ ਆਪਣੇ ਫੈਸਲੇ ਆਪ ਲੈਣ ਦੀ ਸ਼ਕਤੀ ਦਿੰਦੀ ਹੈ, ਪਰ ਆਰਥਿਕ ਆਜ਼ਾਦੀ ਰਿਸ਼ਤੇ ਟੁੱਟਣ ਦਾ ਸਿੱਧਾ ਕਾਰਨ ਨਹੀਂ ਹੈ, ਸਗੋਂ ਸਮਾਜਿਕ ਅਤੇ ਪਰਿਵਾਰਕ ਤਣਾਅ ਇਸ ਨੂੰ ਹੋਰ ਵਧਾਉਂਦੇ ਹਨ।